ਕਸ਼ਮੀਰ (ਦੇਵ ਇੰਦਰਜੀਤ) : ਸੁਰੱਖਿਆ ਫੋਰਸਾਂ ਨੇ ਮੰਗਲਵਾਰ ਕੇਂਦਰੀ ਕਸ਼ਮੀਰ ਦੇ ਬਡਗਾਮ ਜ਼ਿਲੇ ਦੇ ਹਵਾਈ ਅੱਡੇ ਦੇ ਹੁਮਹਾਮਾ ਖੇਤਰ ਅਤੇ ਕੁਪਵਾੜਾ ਜ਼ਿਲੇ ਦੇ ਕਰਾਲਪੋਰਾ ਇਲਾਕੇ ਵਿਚ ਅੱਤਵਾਦੀਆਂ ਵੱਲੋਂ ਰੱਖੇ ਗਏ ਸ਼ਕਤੀਸ਼ਾਲੀ ਆਈ. ਈ. ਡੀ. ਦਾ ਪਤਾ ਲਾ ਕੇ ਉਸ ਨੂੰ ਨਕਾਰਾ ਕਰ ਕੇ ਇਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਫੋਰਸਾਂ ਨੇ ਮੰਗਲਵਾਰ ਸਵੇਰੇ ਨਿਯਮਿਤ ਗਸ਼ਤ ਦੌਰਾਨ ਹਵਾਈ ਅੱਡੇ ਨੇੜੇ ਗੋਗੂ ਗਲੀ ਇਲਾਕੇ ਵਿਚ ਸੜਕ ’ਤੇ ਸਟੀਲ ਦਾ ਇਕ ਕੰਟੇਨਰ ਪਿਆ ਵੇਖਿਆ।
ਇਲਾਕੇ ਨੂੰ ਸੀਲ ਕਰ ਕੇ ਬੰਬ ਜ਼ਾਇਆ ਕਰਨ ਵਾਲੇ ਦਸਤੇ ਨੂੰ ਸੂਚਿਤ ਕੀਤਾ ਗਿਆ। ਦਸਤੇ ਨੇ ਕੰਟੇਨਰ ਵਿਚ ਪਿਆ 6 ਕਿਲੋ ਭਾਰ ਦਾ ਆਈ. ਈ. ਡੀ. ਕੱਢ ਕੇ ਉਸਨੂੰ ਜ਼ਾਇਆ ਕਰ ਦਿੱਤਾ। ਓਧਰ ਪੁਲਸ ਅਤੇ ਫੌਜ ਨੇ ਮੰਗਲਵਾਰ ਇਕ ਸੁੰਨਸਾਨ ਸ਼ੈੱਡ ਵਿਚੋਂ 3 ਆਈ. ਈ. ਡੀ. ਬਰਾਮਦ ਕੀਤੇ।
ਇਹ ਸ਼ੈੱਡ ਕਰਾਲਪੋਰਾ ਦੇ ਇਕ ਇਲਾਕੇ ਵਿਚ ਸੀ। ਸ਼ੈੱਡ ਵਿਚੋਂ 3 ਕਿਲੋ ਯੂਰੀਆ ਵੀ ਬਰਾਮਦ ਕੀਤਾ ਗਿਆ। ਸ਼ੈੱਡ ਦੇ ਮਾਲਕ ਸਮੇਤ ਕਈ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਤੇ ਫੌਜ ਨੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਹੈ।