ਜਲੰਧਰ ਪੁਲਿਸ ਨੇ ਹਰਿਆਣਾ, ਰਾਜਸਥਾਨ ਅਤੇ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਗਹਿਣਿਆਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗਿਰੋਹ ਦੇ ਕੁੱਲ 11 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ’ਚ ਮਹਿੰਗੇ ਗਹਿਣੇ, ਹਥਿਆਰ ਅਤੇ ਵਾਰਦਾਤ ’ਚ ਵਰਤੀ ਗਈ ਮੋਟਰਸਾਈਕਲ ਬਰਾਮਦ ਕੀਤੀ ਹੈ।
ਦੱਸ ਦਈਏ ਕਿ ਜਲੰਧਰ ‘ਚ ਮੁਲਜ਼ਮਾਂ ਨੇ ਗਦਾਈਪੁਰ ਨੇੜੇ ਸਥਿਤ ਅਮਿਤ ਜਵੈਲਰਜ਼ ਅਤੇ ਸ੍ਰੀਨਾਥ ਜਵੈਲਰਜ਼ ਦੇ ਸ਼ੋਅਰੂਮ ‘ਚੋਂ ਕਰੋੜਾਂ ਰੁਪਏ ਦੇ ਗਹਿਣੇ ਚੋਰੀ ਕਰ ਲਏ ਸਨ। ਪੁਲਿਸ ਨੇ ਮੁਲਜ਼ਮ ਨੂੰ ਜਲੰਧਰ ਦੇ ਰੇਰੂ ਪਿੰਡ ਨੇੜਿਓਂ ਕਾਬੂ ਕੀਤਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਪੰਜਾਬ, ਰਾਜਸਥਾਨ ਅਤੇ ਹਰਿਆਣਾ ਵਿੱਚ ਕਈ ਵਾਰਦਾਤਾਂ ਕਰ ਚੁੱਕੇ ਹਨ। ਫਿਲਹਾਲ ਪੁਲਿਸ ਨੇ ਦੋਸ਼ੀ ਦੀ ਪਛਾਣ ਨਹੀਂ ਦੱਸੀ ਹੈ।
ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਪੈਸ਼ਲ ਸੈੱਲ ਦੀ ਟੀਮ ਪਿਛਲੇ ਕਾਫੀ ਸਮੇਂ ਤੋਂ ਉਕਤ ਮੁਲਜ਼ਮਾਂ ਦਾ ਪਿੱਛਾ ਕਰ ਰਹੀ ਸੀ। ਕੱਲ੍ਹ ਟੀਮ ਨੂੰ ਸੂਚਨਾ ਮਿਲੀ ਸੀ ਕਿ ਰੇਰੂ ਨੇੜੇ ਉਕਤ ਮੁਲਜ਼ਮਾਂ ਦੀ ਗਤੀਵਿਧੀ ਦੇਖੀ ਗਈ ਹੈ।
ਜਿਸ ਤੋਂ ਬਾਅਦ ਪੁਲਿਸ ਨੇ ਉਕਤ ਮੁਲਜ਼ਮਾਂ ਦੇ ਖਿਲਾਫ ਜਾਲ ਵਿਛਾਇਆ ਸੀ। ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਪਹਿਲਾਂ ਸਿਰਫ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਹੋਰ ਦੋਸ਼ੀਆਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰ ਲਿਆ। ਜਲਦੀ ਹੀ ਸਿਟੀ ਪੁਲਿਸ ਦੇ ਅਧਿਕਾਰੀ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਨਗੇ।
ਦੱਸ ਦਈਏ ਕਿ ਇਸ ਸਾਲ ਫਰਵਰੀ ਮਹੀਨੇ ਗਦਈਪੁਰ ‘ਚ ਕਰੀਬ 8 ਚੋਰਾਂ ਨੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਚੋਰਾਂ ਨੇ ਪਹਿਲਾਂ ਸ਼ੋਅਰੂਮ ਦਾ ਸ਼ਟਰ ਤੋੜਿਆ, ਫਿਰ ਸ਼ੀਸ਼ਾ ਤੋੜ ਕੇ ਸ਼ੋਅਰੂਮ ਦੇ ਅੰਦਰ ਦਾਖਲ ਹੋਏ। ਇਹ ਸਾਰੀ ਘਟਨਾ ਸ਼ੋਅਰੂਮ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਸੀ.ਸੀ.ਟੀ.ਵੀ. ਦੇਖਣ ਤੋਂ ਪਤਾ ਲੱਗਾ ਕਿ ਨਕਾਬਪੋਸ਼ ਚੋਰ ਰਾਤ 1.30 ਵਜੇ ਸ਼ੋਅਰੂਮ ਵਿੱਚ ਦਾਖਲ ਹੋਏ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹਾਈਵੇਅ ਵੱਲ ਫ਼ਰਾਰ ਹੋ ਗਏ।