ਜਗਮੀਤ ਸਿੰਘ ਜਿੱਤੇ ਆਪਣੀ ਸੀਟ – ਹੁਣ ਬਣ ਸਕਦੇ ਨੇ ਕਿੰਗਮੇਕਰ

by mediateam

ਬਰਨਬੀ ਸਾਊਥ , 22 ਅਕਤੂਬਰ ( NRI MEDIA )

ਪੰਜਾਬੀ ਮੂਲ ਦੇ ਕੈਨੇਡੀਅਨ ਨੇਤਾ ਅਤੇ ਐਨਡੀਪੀ ਦੇ ਆਗੂ ਜਗਮੀਤ ਸਿੰਘ ਦੀ ਪਾਰਟੀ ਭਾਵੇਂ ਇਨ੍ਹਾਂ ਫੈਡਰਲ ਚੋਣਾਂ ਦੇ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਉਹ ਆਪਣੀ ਸੀਟ ਜਿੱਤਣ ਵਿੱਚ ਕਾਮਯਾਬ ਸਾਬਤ ਹੋਏ ਹਨ ਬ੍ਰਿਟਿਸ਼ ਕੋਲੰਬੀਆ ਦੀ ਬਰਨਬੀ ਸਾਊਥ ਤੋਂ ਉਮੀਦਵਾਰ ਬਣੇ ਜਗਮੀਤ ਸਿੰਘ ਇੱਕ ਵਾਰ ਫਿਰ ਆਪਣੇ ਵੋਟਰਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਹੋਏ ਅਤੇ ਲੋਕਾਂ ਨੇ ਉਨ੍ਹਾਂ ਨੂੰ ਇਸ ਸੀਟ ਤੋਂ ਹਾਊਸ ਆਫ ਕਾਮਨਜ਼ ਵਿੱਚ ਜਾਣ ਲਈ ਚੁਣਿਆ ਹੈ |


ਜਗਮੀਤ ਸਿੰਘ ਵੱਲੋਂ ਇਸ ਜਿੱਤ ਤੋਂ ਬਾਅਦ ਹੁਣ ਟਵੀਟ ਕਰਕੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਹੈ , ਜਗਮੀਤ ਸਿੰਘ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਚੋਣਾਂ ਵਿੱਚ ਜਿੱਤਣ ਵਾਲਾ ਹਰ ਉਮੀਦਵਾਰ ਇੱਕ ਕੈਨੇਡੀਅਨ ਹੈ ਉਸ ਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ , ਬਰਨਬੀ ਸਾਊਥ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਜਗਮੀਤ ਸਿੰਘ ਨੇ ਕਿਹਾ ਕਿ ਉਹ ਇੱਕ ਵਾਰ ਫਿਰ ਬਰਨਬੀ ਸਾਊਥ ਦੇ ਲੋਕਾਂ ਦਾ ਪੱਖ ਓਟਾਵਾ ਦੇ ਵਿੱਚ ਜਾ ਕੇ ਰੱਖਣਗੇ |

ਜਗਮੀਤ ਸਿੰਘ ਉੱਤੇ ਹੁਣ ਦੂਹਰੀ ਜ਼ਿੰਮੇਵਾਰੀ ਪੈਣ ਵਾਲੀ ਹੈ ਕਿਉਂਕਿ ਕਿਸੇ ਵੀ ਪਾਰਟੀ ਨੂੰ ਹਾਊਸ ਆਫ ਕਾਮਨਜ਼ ਵਿੱਚ ਬਹੁਮਤ ਨਾ ਮਿਲਣ ਦੇ ਕਾਰਨ ਲਿਬਰਲ ਪਾਰਟੀ ਵੱਲੋਂ ਹੁਣ ਜਗਮੀਤ ਸਿੰਘ ਦਾ ਦਰਵਾਜ਼ਾ ਖੜਕਾਇਆ ਜਾ ਸਕਦਾ ਹੈ, ਜਿਸ ਤੋਂ ਬਾਅਦ ਜਗਮੀਤ ਸਿੰਘ ਲਿਬਰਲ ਪਾਰਟੀ ਦਾ ਸਮਰਥਨ ਕਰਨਗੇ ਜਾਂ ਨਹੀਂ ਇਹ ਵੱਡੀ ਪਹੇਲੀ ਸਾਬਤ ਹੋਣ ਵਾਲੀ ਹੈ |