ਅੰਮ੍ਰਿਤਸਰ (ਦੇਵ ਇੰਦਰਜੀਤ) : ਮਜੀਠਾ ਰੋਡ ਸਥਿਤ ਇਕ ਨਿੱਜੀ ਹਸਪਤਾਲ ’ਚ ਕਿਸੇ ਰਿਸ਼ਤੇਦਾਰ ਦੀ ਖ਼ਬਰਸਾਰ ਲੈਣ ਪੁੱਜੇ ਗੈਂਗਸਟਰ ਰਣਬੀਰ ਸਿੰਘ ਰਾਣਾ ਕੰਦੋਵਾਲੀਆ ਦਾ ਗੋਲ਼ੀਆਂ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਂ ਦੀ ਫੇਸਬੁੱਕ ਆਈ. ਡੀ. ’ਤੇ ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਲਈ ਗਈ। ਦੱਸਣਯੋਗ ਹੈ ਕਿ ਗੈਂਗਸਟਰ ਰਣਬੀਰ ਸਿੰਘ ਰਾਣਾ ਕੰਦੋਵਾਲੀਆ ’ਤੇ 4 ਹਥਿਆਰਬੰਦ ਹਮਲਾਵਰਾਂ ਨੇ ਉਸ ਵੇਲੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਸਨ ਜਦੋਂ ਉਹ ਹਸਪਤਾਲ ਵਿਚ ਕਿਸੇ ਦਾ ਪਤਾ ਲੈਣ ਆਇਆ ਸੀ। ਇਸ ਵਾਰਦਾਤ ਵਿਚ ਰਾਣਾ ਕੰਦੋਵਾਲੀਆ ਦਾ ਇਕ ਹੋਰ ਸਾਥੀ ਤੇਜਬੀਰ ਸਿੰਘ ਵੀ ਜ਼ਖਮੀ ਹੋ ਗਿਆ ਸੀ। ਹਮਲੇ ਦੌਰਾਨ ਇਕ ਸਕਿਓਰਿਟੀ ਗਾਰਡ ਅਰੁਣ ਕੁਮਾਰ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ ਹੈ।
ਭਗਵਾਨਪੁਰੀਆ ਜੱਗੂ ਨਾਂ ਦੀ ਫੇਸਬੁੱਕ ਆਈ. ਡੀ. ’ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਲਿਖਿਆ ਕਿ ਜਿਹੜਾ ਰਾਤ ਅੰਮ੍ਰਿਤਸਰ ਵਿਚ ਰਾਣਾ ਕੰਧੋਵਾਲੀਆ ਦਾ ਕਤਲ ਹੋਇਆ ਸੀ। ਉਸ ਦੀ ਜ਼ਿੰਮੇਵਾਰੀ ਮੈਂ ਜੱਗੂ ਭਗਵਾਨਪੁਰੀਆ ਤੇ ਮੇਰਾ ਭਰਾ ਗੋਲਡੀ ਬਰਾੜ ਲੈਂਦੇ ਹਾਂ। ਇਹ ਕਤਲ ਮੇਰੇ ਵੀਰ ਮਨਦੀਪ ਤੂਫਾਨ ਬਟਾਲਾ ਵਾਲੇ ਨੇ ਕੀਤਾ ਹੈ। ਸਭ ਨੂੰ ਪਤਾ ਹੈ ਕਿ ਰਾਣਾ ਵਿਕੀ ਗੌਂਡਰ ਤੇ ਦਵਿੰਦਰ ਬੰਬੀਹਾ ਗਰੁੱਪ ਦਾ ਸਾਥ ਦਿੰਦਾ ਸੀ। ਇਸ ਨੇ ਤਰਨਤਾਰਨ ਵਾਲੇ ਕਾਂਡ ਵਿਚ ਦਵਿੰਦਰ ਬੰਬੀਹਾ ਦੇ ਕਹਿਣ ’ਤੇ ਸਾਡੇ ਭਰਾ ਲੰਮਾ ਪੱਟੀ ਦੀ ਕਿਡਨੈਪਿੰਗ ਵਿਚ ਮਦਦ ਕੀਤੀ ਸੀ। ਇਸ ਤੋਂ ਇਲਾਵਾ ਇਸ ਪੋਸਟ ਵਿਚ ਵਿਰੋਧੀ ਗੈਂਗ ਦੇ ਹੋਰਾਂ ਨੂੰ ਵੀ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ।