ਇਸੇ ਹਫ਼ਤੇ ਇਜ਼ਰਾਈਲ ’ਤੇ ਹੋ ਸਕਦੈ ਹਮਲਾ: US

by vikramsehajpal

ਵਾਸ਼ਿੰਗਟਨ (ਸਾਹਿਬ) - ਮੱਧ-ਪੂਰਬ ’ਚ ਚੱਲ ਰਹੇ ਤਣਾਅ ਦਰਮਿਆਨ ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਕਿਰਬੀ ਨੇ ਕਿਹਾ ਹੈ ਕਿ ਇਜ਼ਰਾਈਲ ’ਤੇ ਇਸੇ ਹਫ਼ਤੇ ਹਮਲੇ ਹੋ ਸਕਦੇ ਹਨ ਅਤੇ ਅਮਰੀਕਾ ਉਨ੍ਹਾਂ ਨੂੰ ਰੋਕਣ ਦੀਆਂ ਤਿਆਰੀਆਂ ਕਰ ਰਿਹਾ ਹੈ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਰਾਸ਼ਟਰਪਤੀ ਜੋਅ ਬਾਇਡਨ ਨੇ ਬਰਤਾਨੀਆ, ਫਰਾਂਸ, ਜਰਮਨੀ ਅਤੇ ਇਟਲੀ ਦੇ ਆਗੂਆਂ ਨਾਲ ਮੱਧ-ਪੂਰਬ ’ਚ ਤਣਾਅ ਘਟਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ।

'ਦਿ ਟਾਈਮਜ਼ ਆਫ਼ ਇਜ਼ਰਾਈਲ’ ਮੁਤਾਬਕ ਕਿਰਬੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਜ਼ਰਾਈਲ ਵਾਂਗ ਅਮਰੀਕਾ ਨੂੰ ਵੀ ਖ਼ਦਸ਼ਾ ਹੈ ਕਿ ਇਸੇ ਹਫ਼ਤੇ ਹਮਲਾ ਹੋ ਸਕਦਾ ਹੈ। ਕਿਰਬੀ ਨੇ ਕਿਹਾ ਕਿ ਇਜ਼ਰਾਈਲ ਦੀ ਸੁਰੱਖਿਆ ਲਈ ਸਾਰੇ ਆਗੂਆਂ ਨੇ ਵਚਨਬੱਧਤਾ ਦੁਹਰਾਈ ਹੈ। ਬਾਇਡਨ ਸਮੇਤ ਹੋਰ ਆਗੂਆਂ ਨੇ ਸੋਮਵਾਰ ਨੂੰ ਸਾਂਝਾ ਬਿਆਨ ਜਾਰੀ ਕਰਕੇ ਇਰਾਨ ਨੂੰ ਇਜ਼ਰਾਈਲ ਖ਼ਿਲਾਫ਼ ਹਮਲਿਆਂ ਤੋਂ ਵਰਜਿਆ ਸੀ। ਉਨ੍ਹਾਂ ਕਿਹਾ ਸੀ ਕਿ ਜੇ ਅਜਿਹੇ ਹਮਲੇ ਹੋਏ ਤਾਂ ਖੇਤਰੀ ਸੁਰੱਖਿਆ ਨੂੰ ਖ਼ਤਰਾ ਖੜ੍ਹਾ ਹੋ ਜਾਵੇਗਾ।

ਸਾਂਝੇ ਬਿਆਨ ’ਚ ਤਣਾਅ ਘਟਾਉਣ ਅਤੇ ਗੋਲੀਬੰਦੀ ਦੇ ਸਮਝੌਤੇ ਦੀਆਂ ਕੋਸ਼ਿਸ਼ਾਂ ਦੀ ਉਹ ਹਮਾਇਤ ਕਰਦੇ ਹਨ। ਜ਼ਿਕਰਯੋਗ ਹੈ ਕਿ ਹਮਾਸ ਆਗੂ ਇਸਮਾਈਲ ਹਨੀਯੇਹ ਦੀ ਪਿਛਲੇ ਹਫ਼ਤੇ ਤਹਿਰਾਨ ’ਚ ਹੱਤਿਆ ਮਗਰੋਂ ਇਰਾਨ ਨੇ ਇਸ ਦਾ ਬਦਲਾ ਲੈਣ ਦਾ ਅਹਿਦ ਲਿਆ ਸੀ।