ਤਹਿਰਾਨ (ਦੇਵ ਇੰਦਰਜੀਤ)- ਪਾਕਿਸਤਾਨ ਵਿਚ ਇਕ ਹੋਰ ਸਰਜੀਕਲ ਸਟ੍ਰਾਈਕ ਦੀ ਖ਼ਬਰ ਹੈ। ਇਸ ਵਾਰ ਇਹ ਸਟ੍ਰਾਈਕ ਈਰਾਨ ਨੇ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ (ਆਈਆਰਜੀਸੀ) ਨੇ ਪਾਕਿਸਤਾਨ ਵਿਚ ਦਾਖ਼ਲ ਹੋ ਕੇ ਆਪਣੇ ਫ਼ੌਜੀਆਂ ਨੂੰ ਅੱਤਵਾਦੀਆਂ ਕੋਲੋਂ ਰਿਹਾਅ ਕਰਾ ਲਿਆ ਹੈ।
ਈਰਾਨ ਦੀ ਫ਼ੌਜ ਨੇ ਇਕ ਬਿਆਨ ਵਿਚ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਵਿਚ ਇਕ ਖੁਫ਼ੀਆ ਆਪਰੇਸ਼ਨ ਦੌਰਾਨ ਉਨ੍ਹਾਂ ਨੇ ਆਪਣੇ ਦੋ ਫ਼ੌਜੀਆਂ ਨੂੰ ਛੁਡਾ ਲਿਆ ਹੈ। ਦੱਖਣੀ-ਪੂਰਬੀ ਈਰਾਨ ਵਿਚ ਆਈਆਰਜੀਸੀ ਗ੍ਰਾਊਂਡ ਫੋਰਸ ਦੇ ਕੁਦਸ ਬੇਸ ਨੇ ਇਕ ਬਿਆਨ ਵਿਚ ਕਿਹਾ,"ਦੋ-ਢਾਈ ਸਾਲ ਪਹਿਲਾਂ ਜੈਸ਼ ਉਲ-ਅਦਲ ਸੰਗਠਨ ਵਲੋਂ ਬੰਦੀ ਬਣਾਏ ਗਏ ਆਪਣੇ 2 ਗਾਰਡਜ਼ ਜੋ ਸਰਹੱਦ 'ਤੇ ਸਨ, ਨੂੰ ਛੁਡਾਉਣ ਲ਼ਈ ਮੰਗਲਵਾਰ ਰਾਤ ਇਕ ਸਫ਼ਲ ਆਪਰੇਸ਼ਨ ਕੀਤਾ ਗਿਆ।" ਬਿਆਨ ਮੁਤਾਬਕ ਫ਼ੌਜੀਆਂ ਨੂੰ ਸਹੀ ਸਲਾਮਤ ਈਰਾਨ ਵਾਪਸ ਭੇਜ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਖ਼ੁਫੀਆ ਜਾਣਕਾਰੀ ਦੇ ਆਧਾਰ 'ਤੇ ਈਰਾਨ ਦੀ ਆਈਆਰਜੀਸੀ ਨੇ ਪਾਕਿਸਤਾਨ ਅੰਦਰ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ।