ਵੈੱਬ ਡੈਸਕ (NRI MEDIA) : ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਇੱਕ-ਦੂਜੇ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਵਿਚਾਲੇ ਈਰਾਨ ਨੇ ਅਮਰੀਕਾ ਨਾਲ ਹੋਏ ਪਰਮਾਣੂ ਸਮਝੌਤੇ ਤੋਂ ਬਾਹਰ ਨਿੱਕਲਣ ਦਾ ਐਲਾਨ ਕਰ ਦਿੱਤਾ ਹੈ। ਈਰਾਨ ਦੇ ਸਰਕਾਰੀ ਟੀਵੀ ਦੀ ਰਿਪੋਰਟ ਮੁਤਾਬਕ ਈਰਾਨ ਹੁਣ 2015 ਦੇ ਆਪਣੇ ਪ੍ਰਮਾਣੂ ਸਮਝੌਤੇ ਦੀ ਕਿਸੇ ਵੀ ਸੀਮਾ ਦੀ ਪਾਲਣਾ ਨਹੀਂ ਕਰੇਗਾ।
ਈਰਾਨ ਨਾਲ ਹੋਏ ਬਹੁ–ਪੱਖੀ ਸਮਝੌਤੇ ਨਾਲ ਅਮਰੀਕਾ ਦੇ ਪਿੱਛੇ ਹਟਣ ਤੇ ਉਸ ਉੱਤੇ ਮੁੜ ਪਾਬੰਦੀਆਂ ਲਾਉਣ ਦੇ ਜਵਾਬ ਵਿੱਚ ਈਰਾਨ ਨੇ ਹੁਣ ਪ੍ਰਮਾਣੂ ਸਮਝੌਤੇ ਤੋਂ ਪਿਛਾਂਹ ਹਟਣ ਨਾਲ ਸਬੰਧ ਆਪਣੇ ਪੰਜਵੇਂ ਕਦਮ ਨੂੰ ਵੀ ਅੰਤਿਮ ਰੂਪ ਦੇ ਦਿੱਤਾ।
ਇਸ ਤੋਂ ਇਲਾਵਾ ਇਰਾਨ ਨੇ ਆਪਣਾ ਪਰਮਾਣੂ ਪ੍ਰੋਗਰਾਮ ਫਿਰ ਤੋਂ ਸ਼ੁਰੂ ਕਰਨ ਦੀ ਗੱਲ ਆਖੀ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੱਬਾਸ ਮੌਸਾਵੀ ਨੇ ਕਿਹਾ ਸੀ ਕਿ ਪੰਜਵੇਂ ਕਦਮ ਬਾਰੇ ਫ਼ੈਸਲਾ ਪਹਿਲਾਂ ਹੀ ਲਿਆ ਜਾ ਚੁੱਕਾ ਹੈ ਪਰ ਮੌਜੂਦਾ ਹਾਲਾਤ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਸਿਆਸਤ ਦੀ ਦੁਨੀਆ ’ਚ ਸਾਰੀਆਂ ਚੀਜ਼ਾਂ ਇੱਕ–ਦੂਜੇ ਨੂੰ ਪ੍ਰਭਾਵਿਤ ਕਰਦੀਆਂ ਹਨ।