ਐਨ.ਆਰ.ਆਈ ਡੈਸਕ (ਵਿਕਰਮ ਸਹਿਜਪਾਲ) : IPL 2019 ਦੇ ਸੀਜ਼ਨ ਦੀ ਸ਼ੁਰੂਆਤ ਸ਼ਨੀਵਾਰ (ਕੱਲ੍ਹ) ਤੋਂ ਹੋਣ ਜਾ ਰਹੀ ਹੈ। ਪਰ ਦੁਨੀਆ ਦੀ ਇਸ ਸਭ ਤੋਂ ਵੱਡੀ ਅਤੇ ਲੋਕਪ੍ਰਿਯ ਟੀ-20 ਲੀਗ ਦਾ ਪ੍ਰਸਾਰਨ ਪਾਕਿਸਤਾਨ 'ਚ ਨਹੀਂ ਕੀਤਾ ਜਾਵੇਗਾ। ਪਾਕਿ ਸੂਚਨਾ ਅਤੇ ਪ੍ਰਸਾਰਨ ਮੰਤਰੀ ਫਵਾਦ ਅਹਿਮਦ ਚੌਧਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ 14 ਫਰਵਰੀ 2019 'ਚ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਨੇ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਦੇ ਪ੍ਰਸਾਰਨ 'ਤੇ ਬੈਨ ਲਗਾ ਦਿੱਤਾ ਸੀ।
ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸੀ.ਆਰ.ਪੀ.ਐੱਫ. ਦੇ 40 ਤੋਂ ਜ਼ਿਆਦਾ ਜਵਾਨ ਸ਼ਹੀਦ ਹੋ ਗਏ ਸਨ। ਫਵਾਦ ਅਹਿਮਦ ਚੌਧਰੀ ਨੇ ਇਕ ਪਾਕਿਸਤਾਨੀ ਨਿਊਜ਼ ਚੈਨਲ ਨੂੰ ਦੱਸਿਆ, ''ਪੀ.ਐੱਸ.ਐੱਲ. ਦੇ ਦੌਰਾਨ, ਜਿਸ ਤਰ੍ਹਾਂ ਭਾਰਤੀ ਕੰਪਨੀਆਂ ਅਤੇ ਭਾਰਤ ਸਰਕਾਰ ਨੇ ਪਾਕਿ ਕ੍ਰਿਕਟ ਪ੍ਰਤੀ ਜੋ ਵਿਵਹਾਰ ਕੀਤਾ, ਉਸ ਤੋਂ ਬਾਅਦ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਪਾਕਿਸਤਾਨ 'ਚ ਆਈ.ਪੀ.ਐੱਲ. ਦਾ ਪ੍ਰਸਾਰਨ ਕੀਤਾ ਜਾਵੇ।'' ਮੰਤਰੀ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਜੇਕਰ ਆਈ.ਪੀ.ਐੱਲ. ਪਾਕਿਸਤਾਨ 'ਚ ਪ੍ਰਸਾਰਤ ਨਹੀਂ ਹੋਵੇਗਾ ਤਾਂ ਇਹ ਆਈ.ਪੀ.ਐੱਲ. ਅਤੇ ਭਾਰਤੀ ਕ੍ਰਿਕਟ ਲਈ ਵੱਡਾ ਨੁਕਸਾਨ ਹੋਵੇਗਾ। ਕੌਮਾਂਤਰੀ ਕ੍ਰਿਕਟ 'ਚ ਅਸੀਂ ਸੂਪਰ ਪਾਵਰ ਹਾਂ।''