ਮੋਹਾਲੀ (ਵਿਕਰਮ ਸਹਿਜਪਾਲ) : ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ ਮੰਗਲਵਾਰ ਨੂੰ 12 ਦੌੜਾਂ ਨਾਲ ਹਰਾ ਕੇ ਆਈ. ਪੀ. ਐੱਲ.-12 ਵਿਚ ਆਪਣੀ ਪੰਜਵੀਂ ਜਿੱਤ ਦਰਜ ਕਰ ਲਈ। ਇਹ ਸਬੱਬ ਪੰਜਾਬ ਨੇ ਓਪਨਰ ਲੋਕੇਸ਼ ਰਾਹੁਲ ਦੇ ਸ਼ਾਨਦਾਰ ਅਰਧ ਸੈਂਕੜੇ ਤੋਂ ਬਾਅਦ ਨੌਜਵਾਨ ਗੇਂਦਬਾਜ਼ ਅਰਸ਼ਦੀਪ ਸਿੰਘ, ਕਪਤਾਨ ਰਵੀਚੰਦਰਨ ਅਸ਼ਵਿਨ ਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀਆਂ 2-2 ਵਿਕਟਾਂ ਦੀ ਬਦੌਲਤ ਕੀਤਾ। ਰਾਹੁਲ ਦੇ ਸ਼ਾਨਦਾਰ ਅਰਧ ਸੈਂਕੜਾ (52) ਬਦੌਲਤ ਪੰਜਾਬ ਨੇ 20 ਓਵਰਾਂ ਵਿਚ 6 ਵਿਕਟਾਂ 'ਤੇ 182 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਰਾਜਸਥਾਨ ਦੀ ਟੀਮ ਪਹਿਲੇ 10 ਓਵਰਾਂ ਵਿਚ 89 ਦੌੜਾਂ ਬਣਾਉਣ ਦੇ ਬਾਵਜੂਦ 7 ਵਿਕਟਾਂ 'ਤੇ 170 ਦੌੜਾਂ ਹੀ ਬਣਾ ਸਕੀ।
ਪੰਜਾਬ ਦੀ 9 ਮੈਚਾਂ ਵਿਚੋਂ ਇਹ ਪੰਜਵੀਂ ਜਿੱਤ ਰਹੀ, ਜਦਕਿ ਰਾਜਸਥਾਨ ਦੀ 8 ਮੈਚਾਂ ਵਿਚੋਂ 6ਵੀਂ ਹਾਰ ਰਹੀ। ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਨੇ ਵੀ 38 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ ਤੇ ਇਸ ਸਾਂਝੇਦਾਰੀ ਵਿਚ ਜੋਸ ਬਟਲਰ ਦੀ ਹਮਲਾਵਰ ਭੂਮਿਕਾ ਰਹੀ। ਬਟਲਰ ਨੇ 17 ਗੇਂਦਾਂ 'ਤੇ 23 ਦੌੜਾਂ ਵਿਚ ਇਕ ਚੌਕਾ ਤੇ 2 ਛੱਕੇ ਲਾਏ। ਬਟਲਰ ਨੂੰ ਤੇਜ਼ ਗੇਂਦਬਾਜ਼ 20 ਸਾਲਾ ਅਰਸ਼ਦੀਪ ਸਿੰਘ ਨੇ ਆਊਟ ਕਰ ਕੇ ਆਪਣੀ ਪਹਿਲੀ ਆਈ. ਪੀ. ਐੱਲ. ਵਿਕਟ ਲਈ।
ਰਾਜਸਥਾਨ ਨੇ ਚੰਗੀ ਸ਼ੁਰੂਆਤ ਦਾ ਫਾਇਦਾ ਚੁੱਕਦੇ ਹੋਏ 10 ਓਵਰਾਂ ਵਿਚ 89 ਦੌੜਾਂ ਬਣਾ ਲਈਆਂ ਸਨ ਪਰ ਇਸ ਤੋਂ ਬਾਅਦ ਉਸਦੇ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ ਤੇ ਉਨ੍ਹਾਂ ਨੇ ਲਗਾਤਾਰ ਫਰਕ ਵਿਚ ਵਿਕਟਾਂ ਗੁਆਈਆਂ। ਰਾਹੁਲ ਤ੍ਰਿਪਾਠੀ ਨੇ (45 ਗੇਂਦਾਂ 'ਤੇ 50 ਦੌੜਾਂ) ਨੇ ਵੀ ਹੌਲੀ ਬੱਲੇਬਾਜ਼ੀ ਕੀਤੀ, ਜਿਹੜੀ ਉਸਦੀ ਟੀਮ ਨੂੰ ਭਾਰੀ ਪਈ। ਸਟੂਅਰਟ ਬਿੰਨੀ ਨੇ ਆਖਰੀ ਪਲਾਂ ਵਿਚ 11 ਗੇਂਦਾਂ 'ਤੇ ਅਜੇਤੂ 33 ਦੌੜਾਂ ਬਣਾਈਆਂ ਪਰ ਇਸਦੇ ਬਾਵਜੂਦ ਰਾਜਸਥਾਨ 7 ਵਿਕਟਾਂ 'ਤੇ 170 ਦੌੜਾਂ ਤਕ ਹੀ ਪਹੁੰਚ ਸਕਿਆ।