ਪੱਤਰ ਪ੍ਰੇਰਕ : ਗੰਭੀਰ ਬਨਾਮ ਧੋਨੀ ਦੀ ਲੜਾਈ ਵਿੱਚ, ਥਲਾ ਆਖਰਕਾਰ ਜਿੱਤ ਗਿਆ। ਐੱਮਏ ਚਿਦੰਬਰਮ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸਿਰਫ 137 ਦੌੜਾਂ 'ਤੇ ਹੀ ਰੋਕ ਦਿੱਤਾ। ਜਡੇਜਾ ਅਤੇ ਤੁਸ਼ਾਰ ਦੇਸ਼ਪਾਂਡੇ 3-3 ਵਿਕਟਾਂ ਲੈਣ 'ਚ ਸਫਲ ਰਹੇ। ਜਵਾਬ ਵਿੱਚ ਚੇਨਈ ਨੇ ਸਿਰਫ਼ ਦੋ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਕਪਤਾਨ ਰੁਤੂਰਾਜ ਗਾਇਕਵਾੜ ਨੇ ਜਿੱਤ ਵਿੱਚ 67 ਦੌੜਾਂ ਦਾ ਯੋਗਦਾਨ ਪਾਇਆ। ਇਸ ਜਿੱਤ ਨਾਲ ਚੇਨਈ 5 ਮੈਚਾਂ 'ਚ 3 ਜਿੱਤਾਂ ਨਾਲ ਅੰਕ ਸੂਚੀ 'ਚ ਚੌਥੇ ਸਥਾਨ 'ਤੇ ਹੈ, ਜਦਕਿ ਕੋਲਕਾਤਾ ਸੀਜ਼ਨ ਦਾ ਪਹਿਲਾ ਮੈਚ ਹਾਰ ਗਿਆ ਹੈ।
ਕੋਲਕਾਤਾ ਨਾਈਟ ਰਾਈਡਰਜ਼: 137/9 (20 ਓਵਰ)
ਕੋਲਕਾਤਾ ਦੀ ਸ਼ੁਰੂਆਤ ਖਰਾਬ ਰਹੀ ਕਿਉਂਕਿ ਚੇਨਈ ਦੇ ਤੇਜ਼ ਗੇਂਦਬਾਜ਼ ਤੁਸ਼ਾਰ ਦੇਸ਼ਪਾਂਡੇ ਨੇ ਪਹਿਲੀ ਹੀ ਗੇਂਦ 'ਤੇ ਸਲਾਮੀ ਬੱਲੇਬਾਜ਼ ਫਿਲਿਪ ਸਾਲਟ ਨੂੰ ਬੋਲਡ ਕਰ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਸੁਨੀਲ ਨਰਾਇਣ ਅਤੇ ਰਘੂਵੰਸ਼ੀ ਨੇ ਟੀਮ ਦੇ ਸਕੋਰ ਨੂੰ 50 ਤੋਂ ਪਾਰ ਕਰ ਦਿੱਤਾ। ਪਰ ਫਿਰ ਰਵਿੰਦਰ ਜਡੇਜਾ ਨੇ ਦੋਵਾਂ ਦੀਆਂ ਵਿਕਟਾਂ ਲਈਆਂ। ਰਘੂਵੰਸ਼ੀ ਨੇ 18 ਗੇਂਦਾਂ 'ਚ 24 ਦੌੜਾਂ ਬਣਾਈਆਂ ਜਦਕਿ ਨਰਾਇਣ ਨੇ 20 ਗੇਂਦਾਂ 'ਚ ਦੋ ਛੱਕਿਆਂ ਦੀ ਮਦਦ ਨਾਲ 27 ਦੌੜਾਂ ਬਣਾਈਆਂ। ਇਸ ਤੋਂ ਬਾਅਦ ਜਡੇਜਾ ਨੇ ਵੈਂਕਟੇਸ਼ ਅਈਅਰ (3) ਨੂੰ ਵੀ ਪੈਵੇਲੀਅਨ ਦਾ ਰਸਤਾ ਦਿਖਾਇਆ। ਇਸ ਤੋਂ ਬਾਅਦ ਰਮਨਦੀਪ ਸਿੰਘ 12 ਗੇਂਦਾਂ 'ਤੇ 13 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਰਿੰਕੂ ਸਿੰਘ ਕਮਾਲ ਨਾ ਕਰ ਸਕਿਆ। ਉਸ ਨੇ 9 ਦੌੜਾਂ ਬਣਾਉਣ ਲਈ 14 ਗੇਂਦਾਂ ਖੇਡੀਆਂ। ਤੁਸ਼ਾਰ ਨੇ ਉਸ ਨੂੰ ਬੋਲਡ ਕਰਕੇ ਪੈਵੇਲੀਅਨ ਦਾ ਰਸਤਾ ਦਿਖਾਇਆ। ਇਸ ਤੋਂ ਬਾਅਦ ਸ਼੍ਰੇਅਸ ਅਈਅਰ 32 ਗੇਂਦਾਂ 'ਚ ਤਿੰਨ ਚੌਕਿਆਂ ਦੀ ਮਦਦ ਨਾਲ 34 ਦੌੜਾਂ ਬਣਾ ਕੇ ਆਊਟ ਹੋ ਗਏ। ਮੁਸਤਫਿਜ਼ੁਰ ਰਹਿਮਾਨ ਨੇ 20ਵੇਂ ਓਵਰ 'ਚ 2 ਵਿਕਟਾਂ ਲੈ ਕੇ ਕੋਲਕਾਤਾ ਨੂੰ 137 ਦੌੜਾਂ 'ਤੇ ਰੋਕ ਦਿੱਤਾ।
ਚੇਨਈ ਸੁਪਰ ਕਿੰਗਜ਼: 141-3 (17.4 ਓਵਰ)
ਰਚਿਨ ਰਵਿੰਦਰਾ ਨੇ ਚੇਨਈ ਨੂੰ ਤੇਜ਼ ਸ਼ੁਰੂਆਤ ਦਿਵਾਈ ਪਰ ਚੌਥੇ ਓਵਰ ਵਿੱਚ ਹੀ ਵੈਭਵ ਅਰੋੜਾ ਨੇ ਉਸ ਨੂੰ ਚੱਕਰਵਰਤੀ ਹੱਥੋਂ ਕੈਚ ਆਊਟ ਕਰਵਾ ਦਿੱਤਾ। ਰਚਿਨ ਨੇ 8 ਗੇਂਦਾਂ 'ਚ ਤਿੰਨ ਚੌਕਿਆਂ ਦੀ ਮਦਦ ਨਾਲ 15 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕਪਤਾਨ ਰੁਤੂਰਾਜ ਗਾਇਕਵਾੜ ਅਤੇ ਡੇਰਿਲ ਮਿਸ਼ੇਲ ਨੇ ਸਕੋਰ ਨੂੰ ਅੱਗੇ ਵਧਾਇਆ। ਰਿਤੂਰਾਜ ਨੇ ਵਿਕਟ ਬਚਾਉਂਦੇ ਹੋਏ ਸਾਵਧਾਨੀ ਨਾਲ ਸ਼ਾਟ ਲਗਾਏ। ਜਦੋਂ ਡੇਰਿਲ ਮਿਸ਼ੇਲ 19 ਗੇਂਦਾਂ 'ਚ 25 ਦੌੜਾਂ ਬਣਾ ਕੇ ਆਊਟ ਹੋਏ ਤਾਂ ਰਿਤੂਰਾਜ ਨੇ ਸ਼ਿਵਮ ਦੂਬੇ ਨਾਲ ਮਿਲ ਕੇ ਸਾਂਝੇਦਾਰੀ ਨੂੰ ਅੱਗੇ ਵਧਾਇਆ ਅਤੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਗਏ। ਸ਼ਿਵਮ ਦੂਬੇ ਨੇ 18 ਗੇਂਦਾਂ 'ਚ 3 ਛੱਕਿਆਂ ਦੀ ਮਦਦ ਨਾਲ 28 ਦੌੜਾਂ ਬਣਾਈਆਂ, ਉਥੇ ਹੀ ਰਿਤੂਰਾਜ ਨੇ 58 ਗੇਂਦਾਂ 'ਚ 9 ਚੌਕਿਆਂ ਦੀ ਮਦਦ ਨਾਲ 67 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਟੀਮ ਨੂੰ 8 ਵਿਕਟਾਂ ਨਾਲ ਜਿੱਤ ਦਿਵਾਈ। ਅੰਤ 'ਚ ਮਹਿੰਦਰ ਸਿੰਘ ਧੋਨੀ ਵੀ ਮੈਦਾਨ 'ਤੇ ਆਏ ਅਤੇ 1 ਦੌੜਾਂ ਬਣਾਈਆਂ, ਜਿਸ ਨੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਪਾਇਆ।
ਦੋਵਾਂ ਟੀਮਾਂ ਦਾ ਪਲੇਇੰਗ-11
ਕੋਲਕਾਤਾ ਨਾਈਟ ਰਾਈਡਰਜ਼: ਫਿਲਿਪ ਸਾਲਟ (ਵਿਕਟਕੀਪਰ), ਸੁਨੀਲ ਨਾਰਾਇਣ, ਵੈਂਕਟੇਸ਼ ਅਈਅਰ, ਸ਼੍ਰੇਅਸ ਅਈਅਰ (ਕਪਤਾਨ), ਅੰਗਕ੍ਰਿਸ਼ ਰਘੂਵੰਸ਼ੀ, ਆਂਦਰੇ ਰਸਲ, ਰਿੰਕੂ ਸਿੰਘ, ਰਮਨਦੀਪ ਸਿੰਘ, ਮਿਸ਼ੇਲ ਸਟਾਰਕ, ਵੈਭਵ ਅਰੋੜਾ, ਵਰੁਣ ਚੱਕਰਵਰਤੀ।
ਚੇਨਈ ਸੁਪਰ ਕਿੰਗਜ਼: ਰੁਤੁਰਾਜ ਗਾਇਕਵਾੜ (ਕਪਤਾਨ), ਰਚਿਨ ਰਵਿੰਦਰ, ਅਜਿੰਕਿਆ ਰਹਾਣੇ, ਡੇਰਿਲ ਮਿਸ਼ੇਲ, ਸਮੀਰ ਰਿਜ਼ਵੀ, ਰਵਿੰਦਰ ਜਡੇਜਾ, ਐਮਐਸ ਧੋਨੀ (ਵਿਕਟਕੀਪਰ), ਸ਼ਾਰਦੁਲ ਠਾਕੁਰ, ਮੁਸਤਫਿਜ਼ੁਰ ਰਹਿਮਾਨ, ਤੁਸ਼ਾਰ ਦੇਸ਼ਪਾਂਡੇ, ਮਹੇਸ਼ ਥੀਕਸ਼ਾਨਾ।