ਨਵੀਂ ਦਿੱਲੀ (ਐਨ.ਆਰ.ਆਈ. ਮੀਡਿਆ) : ਆਈ. ਪੀ. ਐੱਲ. 13 ਦਾ ਸੈਸ਼ਨ ਸੰਯੁਕਤ ਅਰਬ ਅਮੀਰਾਤ ਵਿਚ ਹੋ ਸਕਦਾ ਹੈ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸਦੇ ਲਈ 26 ਸਤੰਬਰ ਤੋਂ 7 ਨਵੰਬਰ ਤਕ ਦੀ ਗੈਰ ਅਧਿਕਾਰਤ ਵਿੰਡੋ ਤੈਅ ਕੀਤੀ ਹੈ। ਬੀ. ਸੀ. ਸੀ. ਆਈ. ਇਸ ਬਾਰੇ ਵਿਚ ਆਖਰੀ ਫੈਸਲੇ ਦਾ ਤਦ ਐਲਾਨ ਕਰੇਗਾ ਜਦੋਂ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) 18 ਅਕਤੂਬਰ ਤੋਂ 15 ਅਕਤੂਬਰ ਤਕ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਮੁਲਤਵੀ ਕਰਨ ਦਾ ਐਲਾਨ ਕਰੇ, ਜਿਸ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਕ੍ਰਿਕਇੰਫੋ ਅਨੁਸਾਰ ਸਮਝਿਆ ਜਾਂਦਾ ਹੈ ਕਿ ਬੀ. ਸੀ. ਸੀ. ਆਈ. ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਟੂਰਨਾਮੈਂਟ ਨੂੰ ਯੂ. ਏ. ਈ. ਵਿਚ ਕਰਵਾਉਣ ਦੀ ਮਨਜ਼ੂਰੀ ਮੰਗੀ ਹੈ। ਬੋਰਡ ਦੇ ਨਾਲ ਹੀ ਟੀਮਾਂ ਦੇ ਖਿਡਾਰੀਆਂ ਤੇ ਅਧਿਕਾਰੀਆਂ ਦੀ ਯਾਤਰਾ ਲਈ ਜ਼ਰੂਰੀ ਮਨਜ਼ੂਰੀ ਵੀ ਮੰਗੀ ਹੈ। ਦੱਸ ਦਈਏ ਕਿ ਆਈ. ਪੀ. ਐੱਲ. ਨੂੰ ਇਸ ਸਾਲ 29 ਮਾਰਚ ਤੋਂ ਹੋਣਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਣ ਇਸ ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਗਿਆ ਸੀ। ਸਤੰਬਰ ਵਿਚ ਯੂ. ਏ. ਈ. ਵਿਚ ਹੋਣ ਵਾਲੇ ਏਸ਼ੀਆ ਕੱਪ ਟੀ-20 ਟੂਰਨਾਮੈਂਟ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ।