ਯੂ.ਪੀ. (ਦੇਵ ਇੰਦਰਜੀਤ) : ਯੂ.ਪੀ. ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀ ਹੱਤਿਆ ਤੋਂ ਬਾਅਦ ਲਗਾਤਾਰ ਜ਼ਿਲ੍ਹੇ ਵਿੱਚ ਤਣਾਅ ਦਾ ਮਾਹੌਲ ਹੈ। ਵਿਰੋਧੀ ਧਿਰ ਜਿੱਥੇ ਸਰਕਾਰ ਨੂੰ ਘੇਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਤਾਂ ਉਥੇ ਹੀ ਸਰਕਾਰ ਇਸ ਮਾਮਲੇ ਵਿੱਚ ਖੁਦ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਸ਼ੁੱਕਰਵਾਰ ਨੂੰ ਨਵਜੋਤ ਸਿੰਘ ਸਿੱਧੂ ਲਖੀਮਪੁਰ ਖੀਰੀ ਪੁੱਜੇ ਅਤੇ ਪੀੜਤ ਪਰਿਵਾਰਾਂ ਨੂੰ ਮਿਲੇ।
ਸਿੱਧੂ ਪੱਤਰਕਾਰ ਰਮਨ ਕਸ਼ਿੱਅਪ ਦੇ ਘਰ 'ਤੇ ਹੀ ਧਰਨੇ 'ਤੇ ਬੈਠ ਗਏ ਅਤੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲਖੀਮਪੁਰ ਖੀਰੀ ਵਿੱਚ ਤਣਾਅ ਵਧਦਾ ਵੇਖ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ। ਇੰਟਰਨੈੱਟ ਸੇਵਾ ਨੂੰ ਅਗਲੇ ਹੁਕਮ ਤੱਕ ਲਈ ਬੰਦ ਕੀਤਾ ਗਿਆ ਹੈ।
3 ਅਕਤੂਬਰ ਨੂੰ ਕੇਸ਼ਵ ਪ੍ਰਸਾਦ ਮੌਰਿਆ ਦੇ ਪ੍ਰੋਗਰਾਮ ਤੋਂ ਪਹਿਲਾਂ ਬੀਜੇਪੀ ਨੇਤਾ ਦੇ ਬੇਟੇ ਦੀ ਗੱਡੀ ਰਾਹੀਂ ਕਿਸਾਨਾਂ ਨੂੰ ਕੁਚਲਣ ਦਾ ਦੋਸ਼ ਲੱਗਾ ਸੀ। ਕਿਸਾਨ ਤੀਕੁਨਿਆ 'ਤੇ ਉਪ ਮੁੱਖ ਮੰਤਰੀ ਨੂੰ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਕਾਲਾ ਝੰਡਾ ਵਿਖਾਉਣ ਲਈ ਇਕੱਠੇ ਹੋਏ ਸਨ।
ਕਿਸਾਨਾਂ ਦੇ ਗੱਡੀ ਰਾਹੀਂ ਕੁਚਲਣ ਤੋਂ ਬਾਅਦ ਗੁੱਸਾ ਹੋਰ ਵਧ ਗਿਆ ਸੀ। ਭੜਕੇ ਕਿਸਾਨਾਂ ਨੇ ਦੋ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ ਤਾਂ ਉਥੇ ਹੀ ਕੁੱਝ ਲੋਕਾਂ ਨੇ ਡਰਾਈਵਰ ਨੂੰ ਕੁੱਟ-ਕੁੱਟ ਦੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜ਼ਿਲ੍ਹੇ ਵਿੱਚ ਤਣਾਅ ਵਧਣ ਦੇ ਖਦਸ਼ੇ ਨੂੰ ਵੇਖਦੇ ਹੋਏ ਤਿੰਨ ਅਕਤੂਬਰ ਨੂੰ ਇੰਟਰਨੈੱਟ ਬੰਦ ਕੀਤਾ ਗਿਆ ਸੀ।