7 ਮਾਰਚ, ਇੰਦਰਜੀਤ ਸਿੰਘ ਚਾਹਲ - (NRI MEDIA) :
ਮੀਡਿਆ ਡੈਸਕ ਕਪੂਰਥਲਾ, ਇੰਦਰਜੀਤ ਸਿੰਘ ਚਾਹਲ (NRI MEDIA) : ਮਹਿਲਾਵਾਂ ਸਮਾਜ ਦੀਆਂ ਅਸਲੀ ਸ਼ਿਲਪਕਾਰ ਹਨ, ਜੇਕਰ ਇਹ ਕਿਹਾ ਜਾਏ ਕਿ ਮਹਿਲਾਵਾਂ ਬਿਨ੍ਹਾਂ ਇਸ ਸ੍ਰਿਸ਼ਟੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਤਾਂ ਗਲਤ ਨਹੀਂ ਹੋਏਗਾ। ਇਹ ਵੀ ਬਿਲਕੁਲ ਸੱਚ ਹੈ ਕਿ ਕੋਈ ਵੀ ਦੇਸ਼ ਉਦੋਂ ਤੱਕ ਯਸ਼ ਦੇ ਸ਼ਿਖਰ ਤੇ ਨਹੀਂ ਪਹੁੰਚ ਸਕਦਾ ਜਦ ਤੱਕ ਉੱਥੇ ਦੀਆਂ ਮਹਿਲਾਵਾਂ ਮਰਦਾਂ ਦੇ ਬਰਾਬਰ ਨਾ ਚੱਲਣ। ਚੂੱਲੇ ਤੋਂ ਚੰਨ ਤੱਕ ਪਹੁੰਚ ਚੁੱਕੀ ਮਹਿਲਾ ਅੱਜ ਹਰ ਖੇਤਰ ਵਿੱਚ ਆਪਣੀ ਅਹਿਮ ਭੁਮਿਕਾ ਦਰਜ ਕਰਵਾ ਰਹੀ ਹੈ।
ਕੰਮ ਦਾ ਕੋਈ ਵੀ ਖੇਤਰ ਹੋਵੇ ਹਰ ਚੁਣੋਤੀ ਨੂੰ ਹਰ ਟੀਚੇ ਨੂੰ ਅੱਜ ਦੀ ਨਾਰੀ ਆਪਣੀ ਕਾਬੀਲੀਅਤ ਨਾਲ ਸਫਲ ਕਰ ਰਹੀ ਹੈ। ਹੁਣ ਜੇਕਰ ਗੱਲ ਸਿਹਤ ਵਿਭਾਗ ਕਪੂਰਥਲਾ ਦੀ ਸਿਹਤ ਵਿਭਾਗ ਦੇ ਉੱਚ ਅਹੁਦਿਆਂ ਤੇ ਵੀ ਮਹਿਲਾ ਪ੍ਰੋਗਰਾਮ ਅਫਸਰ ਆਪਣੀ ਡਿਊਟੀ ਨੂੰ ਬਾਖੂਬੀ ਨਿਭਾ ਰਹੀਆਂ ਹਨ।
ਸਹਾਇਕ ਸਿਵਲ ਸਰਜਨ, ਜਿਲਾ ਪਰਿਵਾਰ ਭਲਾਈ ਅਫਸਰ, ਜਿਲਾ ਡੈਂਟਲ ਹੈਲਥ ਅਫਸਰ, ਡਿਪਟੀ ਮੈਡੀਕਲ ਕਮਿਸ਼ਨਰ, ਜਿਲਾ ਟੀਕਾਕਰਨ ਅਫਸਰ, ਸੀਨੀਅਰ ਮੈਡੀਕਲ ਅਫਸਰ, ਜਿਲਾ ਪ੍ਰੋਗਰਾਮ ਮੈਨੇਜਰ, ਜਿਲਾ ਐਪੀਡੀਮੋਲੋਜਿਸਟ ਦੇ ਉੱਚ ਅਹੁਦਿਆਂ ਤੇ ਤੈਨਾਤ ਇਨ੍ਹਾਂ ਮਹਿਲਾ ਪ੍ਰੋਗਰਾਮ ਅਫਸਰਾਂ ਨੇ ਆਪਣੀ ਕਾਬੀਲੀਅਤ , ਆਪਣੀ ਦੂਰਦਰਸ਼ੀ ਸੋਚ ਤੇ ਮਿਹਨਤ ਨਾਲ ਪੂਰੇ ਪੰਜਾਬ ਵਿੱਚ ਸਿਹਤ ਵਿਭਾਗ ਕਪੂਰਥਲਾ ਦੀ ਇੱਕ ਅਲੱਗ ਛਾਪ ਛੱਡੀ ਹੈ। ਜੇਕਰ ਇਹ ਕਿਹਾ ਜਾਏ ਕਿ ਉਨ੍ਹਾਂ ਦੀ ਪ੍ਰਤਿਭਾ ਦੀ ਗੂੰਜ ਹਰ ਪਾਸੇ ਗੂੰਜੀ ਹੈ ਤਾਂ ਗਲਤ ਨਹੀਂ ਹੋਏਗਾ।
ਡਾ. ਰਮੇਸ਼ ਕੁਮਾਰੀ ਬੰਗਾਂ ਜਿਲੇ ਵਿੱਚ ਸਹਾਇਕ ਸਿਵਲ ਸਰਜਨ ਦੇ ਅਹੁਦੇ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਵਿਭਾਗ ਦੇ ਕਈ ਅਹਿਮ ਕੰਮਾਂ ਦੇ ਨਾਲ ਨਾਲ ਉਹ ਦਿਵਿਯਾਂਗ ਵਿਅਕਤੀਆਂ ਲਈ ਸਰਕਾਰ ਵੱਲੋਂ ਚਲਾਏ ਯੂ.ਡੀ.ਆਈ.ਡੀ. ਪ੍ਰੋਜੈਕਟ ਨੂੰ ਵੀ ਦੇਖ ਰਹੇ ਹਨ।
ਜਿਲਾ ਪਰਿਵਾਰ ਭਲਾਈ ਅਫਸਰ ਦੇ ਅਹੁਦੇ ਤੇ ਡਾ. ਗੁਰਮੀਤ ਕੌਰ ਦੁੱਗਲ ਬੇਟੀ ਬਚਾਓ ਪ੍ਰੋਗਰਾਮ ਤੇ ਫੈਮੀਲੀ ਪਲਾਂਨਿੰਗ ਪ੍ਰੋਗਰਾਮ ਨੂੰ ਚਲਾ ਰਹੇ ਹਨ।
ਡਾ. ਸੁਰਿੰਦਰ ਮੱਲ ਜਿਲਾ ਡੈਂਟਲ ਹੈਲਥ ਅਫਸਰ ਦੇ ਅਹੁਦੇ ਤੇ ਹਨ। ਉਨ੍ਹਾਂ ਡੈਂਟਲ ਵਿੱਭਾਗ ਕਪੂਰਥਲਾ ਨੂੰ ਪੂਰੇ ਪੰਜਾਬ ਵਿੱਚ ਨਾ ਸਿਰਫ ਅਲੱਗ ਪਛਾਣ ਦਿਲਵਾਈ ਹੈ ਬਲਕਿ ਲਗਾਤਾਰ ਤਿੰਨ ਵਾਰ ਸਟੇਟ ਐਵਾਰਡ ਵੀ ਸਿਹਤ ਵਿਭਾਗ ਕਪੂਰਥਲਾ ਨੂੰ ਦਿੱਤੇ ਹਨ।
ਸਰਕਾਰੀ ਸਿਹਤ ਕੇਂਦਰਾਂ ਦੀ ਨੁਹਾਰ ਬੱਦਲਣ ਤੇ ਆਮ ਜਨਤਾ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਸਰਕਾਰ ਵੱਲੋਂ ਚਲਾਈ ਕਾਇਆਕਲਪ ਮੁਹਿੰਮ ਵਿੱਚ ਇੱਕ ਵਾਰ 11 ਤੇ ਦੂਸਰੀ ਵਾਰ 14 ਐਵਾਰਡ ਸਿਹਤ ਵਿਭਾਗ ਕਪੂਰਥਲਾ ਨੂੰ ਦਿਲਵਾਉਣ ਦਾ ਸਿਹਰਾ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਦੇ ਸਿਰ ਹੈ।
ਡਾ. ਰੀਟਾ ਬਾਲਾ ਸਿਵਲ ਹਸਪਤਾਲ ਕਪੂਰਥਲਾ ਦੇ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਤੇ ਤੈਨਾਤ ਹਨ ਤੇ ਇਹ ਜਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ।
ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਵੀ ਟੀਕਾਕਰਣ ਪ੍ਰੋਗਰਾਮ ਦੇ ਜਰੀਏ ਨਾਮਣਾ ਖੱਟ ਚੁੱਕੇ ਹਨ। ਵੱਡੇ ਪੱਧਰ ਤੇ ਚੱਲੀ ਮੀਸਲਜ ਰੂਬੈਲਾ ਟੀਕਾਕਰਣ ਮੁਹਿੰਮ ਨੂੰ ਡਾ. ਆਸ਼ਾ ਮਾਂਗਟ ਦੀ ਯੋਗ ਅਗਵਾਈ ਹੇਠ ਜਿਲੇ ਵਿੱਚ ਬਹੁਤ ਵਧੀਆ ਢੰਗ ਨਾਲ ਸਫਲ ਕੀਤਾ ਗਿਆ।
ਨੈਸ਼ਨਲ ਹੈਲਥ ਮਿਸ਼ਨ ਯੂਨਿਟ ਵਿੱਚ ਜਿਲਾ ਪ੍ਰੋਗਰਾਮ ਮੈਨੇਜਰ ਡਾ.ਸੁਖਵਿੰਦਰ ਕੌਰ ਤੈਨਾਤ ਹਨ।
ਡਾ. ਨਵਪ੍ਰੀਤ ਕੌਰ ਜਿਲਾ ਐਪੀਡੀਮੋਲੋਜਿਸਟ ਦੇ ਅਹੁਦੇ ਤੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ।ਇੱਥੇ ਜਿਕਰਯੋਗ ਹੈ ਕਿ ਸਿਰਫ ਜਿਲੇ ਤੇ ਹੀ ਨਹੀਂ ਬਲਕਿ ਬਲਾਕਾਂ ਵਿੱਚ ਵੀ ਸੀਨੀਅਰ ਮੈਡੀਕਲ ਅਫਸਰਾਂ ਦੇ ਅਹੁਦਿਆਂ ਤੇ ਮਹਿਲਾਵਾਂ ਹੀ ਕਾਬਿਜ ਹਨ। ਅੰਤ ਵਿੱਚ ਉਕਤ ਮਹਿਲਾ ਪ੍ਰੋਗਰਾਮ ਅਫਸਰ ਅੱਜ ਦੀ ਪੀੜੀ ਲਈ ਇੱਕ ਪ੍ਰੇਰਣਾ ਸਰੋਤ ਹਨ ਤੇ ਅਜਿਹੇ ਲੋਕਾਂ ਲਈ ਇੱਕ ਉਦਾਹਰਣ ਹਨ ਜਿਹੜੇ ਨਾਰੀ ਸਸ਼ਕਤੀਕਰਨ ਤੇ ਸੁਆਲ ਉਠਾਉਂਦੇ ਹਨ।