ਨਿਊਜ਼ ਡੈਸਕ : ਯੂਕਰੇਨ ਦੀ ਰਾਜਧਾਨੀ ਕੀਵ 'ਚ ਇਕ ਬੰਬ ਵਿਰੋਧੀ ਸ਼ੈਲਟਰ 'ਚ ਘੱਟ ਤੋਂ ਘੱਟ 20 ਸਰੋਗੇਟ ਬੱਚੇ ਆਪਣੇ ਵਿਦੇਸ਼ੀ ਮਾਪਿਆਂ ਦੇ ਆਉਣ ਤੇ ਉਨ੍ਹਾਂ ਨੂੰ ਯੁੱਧ ਪ੍ਰਭਾਵਿਤ ਦੇਸ਼ 'ਚੋਂ ਲਿਜਾਣ ਦੀ ਉਡੀਕ ਕਰ ਰਹੇ ਹਨ। ਕੁਝ ਦਿਨ ਪਹਿਲਾਂ ਪੈਦਾ ਹੋਏ ਇਨ੍ਹਾਂ ਬੱਚਿਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਾ ਰਹੀ ਹੈ। ਸਰੋਗੇਸੀ ਸੈਂਟਰਾਂ ਦੀਆਂ ਬਹੁਤ ਸਾਰੀਆਂ ਨਰਸਾਂ ਵੀ ਸ਼ੈਲਟਰਾਂ 'ਚ ਰਹਿ ਰਹੀਆਂ ਹਨ ਕਿਉਂਕਿ ਉਨ੍ਹਾਂ ਲਈ ਹਰ ਰੋਜ਼ ਘਰ ਜਾਣਾ ਬਹੁਤ ਖ਼ਤਰਨਾਕ ਹੈ। ਕੀਵ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਰੂਸੀ ਫ਼ੌਜਾਂ ਨੂੰ ਯੂਕ੍ਰੇਨ ਦੀਆਂ ਫ਼ੌਜਾਂ ਸਖ਼ਤ ਟੱਕਰ ਦੇ ਰਹੀਆਂ ਹਨ।
51 ਸਾਲਾ ਨਰਸ ਲਿਊਡਮੀਲੀਆ ਯਾਸ਼ੈਂਕੋ ਨੇ ਕਿਹਾ ਕਿ ਅਸੀਂ ਇੱਥੇ ਆਪਣੀ ਅਤੇ ਬੱਚਿਆਂ ਦੀ ਜਾਨ ਬਚਾਉਣ ਲਈ ਰਹਿ ਰਹੇ ਹਾਂ। ਲਗਾਤਾਰ ਬੰਬਾਰੀ ਤੋਂ ਬਚਣ ਲਈ ਅਸੀਂ ਇੱਥੇ ਆਪਣਾ ਸਿਰ ਛੁਪਾ ਰਹੇ ਹਾਂ। ਯਾਸ਼ੈਂਕੋ ਅਨੁਸਾਰ, ਉਹ ਤਾਜ਼ੀ ਹਵਾ 'ਚ ਸਾਹ ਲੈਣ ਲਈ ਕੁਝ ਸਮੇਂ ਲਈ ਆਸਰਾ ਸਥਲ ਤੋਂ ਜ਼ਰੂਰ ਨਿਕਲਦੀ ਹੈ ਪਰ ਲੰਬੇ ਸਮੇਂ ਤੱਕ ਬਾਹਰ ਰਹਿਣ ਦੀ ਹਿੰਮਤ ਨਹੀਂ ਜੁਟਾ ਸਕਦੀ। ਉਸ ਨੂੰ ਆਪਣੇ ਦੋਵਾਂ ਪੁੱਤਰਾਂ ਦੀ ਸੁਰੱਖਿਆ ਦੀ ਚਿੰਤਾ ਹੈ, ਜੋ ਦੇਸ਼ ਦੀ ਰੱਖਿਆ ਲਈ ਲੜ ਰਹੇ ਹਨ। ਯਸ਼ੈਂਕੋ ਨੇ ਕਿਹਾ ਕਿ ਸਾਨੂੰ ਘੱਟ ਨੀਂਦ ਆ ਰਹੀ ਹੈ। ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ।