ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਇੰਡੋਨੇਸ਼ੀਆ ਨੇ ਕੈਨੇਡਾ ਤੋਂ ਰੱਦੀ ਦੇ ਨਾਂ 'ਤੇ ਭੇਜਿਆ ਗਿਆ 100 ਟਨ ਦਾ ਕੂੜਾ ਵਾਪਸ ਭੇਜ ਦਿੱਤਾ ਹੈ। ਵਾਤਾਵਰਣ ਮੰਤਰਾਲੇ ਮੁਤਾਬਕ, ਅਮਰੀਕਾ ਦੇ ਰਾਸਤੇ ਭੇਜੇ ਗਏ ਕੂੜੇ 'ਚ ਭਾਰੀ ਮਾਤਰਾ 'ਚ ਪਲਾਸਟਿਕ, ਰਬੜ ਜਿਹੇ ਹਾਨੀਕਾਰਕ ਪਦਾਰਥ ਸਨ। ਮੰਤਰਾਲੇ ਨੇ ਆਖਿਆ ਕਿ ਕੈਨੇਡਾ ਤੋਂ ਰੱਦੀ ਆਉਣੀ ਸੀ ਪਰ ਉਸ ਦੀ ਥਾਂ ਪਲਾਸਟਿਕ ਦੀਆਂ ਬੋਤਲਾਂ ਅਤੇ ਹਾਨੀਕਾਰਕ ਪਦਾਰਥ ਆਏ। ਇਸ ਲਈ ਉਸ ਨੂੰ ਵਾਪਸ ਕੈਨੇਡਾ ਭੇਜ ਦਿੱਤਾ ਗਿਆ ਹੈ।
ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇੰਡੋਨੇਸੀਆ ਕੂੜੇ ਦਾ ਆਯਾਤ ਨਹੀਂ ਕਰਦਾ। ਇੰਡੋਨੇਸ਼ੀਆ ਕਿਸੇ ਦੇਸ਼ ਤੋਂ ਆਇਆ ਕੂੜਾ ਵਾਪਸ ਭੇਜਣ ਵਾਲਾ ਪਹਿਲਾ ਦੱਖਣੀ-ਏਸ਼ੀਆਈ ਦੇਸ਼ ਨਹੀਂ ਹੈ।
ਇਸ ਤੋਂ ਪਹਿਲਾਂ ਮਲੇਸ਼ੀਆ ਨੇ ਅਮੀਰ ਦੇਸ਼ਾਂ ਤੋਂ ਆਇਆ ਕਰੀਬ 3 ਹਜ਼ਾਰ ਟਨ ਪਲਾਸਟਿਕ ਕੂੜਾ ਵਾਪਸ ਭੇਜਣ ਦਾ ਐਲਾਨ ਕੀਤਾ ਸੀ। ਫਿਲੀਪੀਂਸ ਦੇ ਰਾਸ਼ਟਰਪਤੀ ਰੋਡ੍ਰੀਗੋ ਦੁਤੇਤ੍ਰੇ ਨੇ ਵੀ ਆਪਣੀ ਸਰਕਾਰ ਨੂੰ 69 ਕੰਟੇਨਰ ਕੂੜਾ ਵਾਪਸ ਕੈਨੇਡਾ ਭੇਜਣ ਦਾ ਆਦੇਸ਼ ਦਿੱਤਾ ਹੈ। ਦਰਅਸਲ, ਚੀਨ ਨੇ ਪਲਾਸਟਿਕ ਕੂੜੇ ਦੇ ਆਯਾਤ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਪਾਬੰਦੀ ਦੇ ਚੱਲਦੇ ਸਾਲਾਨਾ ਕਈ ਲੱਖ ਟਨ ਕੂੜੇ ਨੂੰ ਲੈ ਕੇ ਸਮੱਸਿਆ ਖੜੀ ਹੋ ਗਈ ਹੈ। ਇਸ ਕਾਰਨ ਕਈ ਦੇਸ਼ ਆਪਣਾ ਕੂੜਾ ਟਿਕਾਣੇ ਲਗਾਉਣ ਲਈ ਥਾਂ ਦੀ ਭਾਲ ਕਰ ਰਹੇ ਹਨ।