ਰੋਪੜ (ਰਾਘਵ): ਪੰਜਾਬ ਵਿੱਚ ਨਿੱਤ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਹੈ, ਜਿੱਥੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਹਮਲਾਵਰਾਂ ਵੱਲੋਂ ਇਹ ਗੋਲੀਆਂ ਲੋਕਾਂ 'ਤੇ ਨਹੀਂ ਸਗੋਂ ਜੰਗਲੀ ਜਾਨਵਰਾਂ 'ਤੇ ਚਲਾਈਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਰੋਪੜ ਦੀ ਜੀਵਨ ਚੱਕੀ ਨੇੜੇ ਨੰਗਲ ਸਬ-ਡਵੀਜ਼ਨ ਵਿੱਚ ਸ਼ਿਕਾਰੀ ਸ਼ਰੇਆਮ ਗੋਲੀਆਂ ਚਲਾ ਕੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰ ਰਹੇ ਹਨ। ਇਸ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜ਼ਿਲ੍ਹਾ ਵਾਸੀਆਂ ਨੇ ਇਸ ਸਬੰਧੀ ਪੁਲੀਸ ਨੂੰ ਵੀ ਸ਼ਿਕਾਇਤ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਰੀਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਸੀਸੀਟੀਵੀ ਵਿੱਚ ਦੇਖਿਆ ਜਾ ਰਿਹਾ ਹੈ ਕਿ ਦੇਰ ਰਾਤ 11 ਵਜੇ ਪਿੰਡ ਤਲਵਾੜਾ ਦੀ ਸੰਘਣੀ ਆਬਾਦੀ ਵਿੱਚ ਕਾਲੇ ਰੰਗ ਦੀ ਸਕਾਰਪੀਓ ਗੱਡੀ ਵਿੱਚ ਸਵਾਰ ਕੁਝ ਵਿਅਕਤੀ ਜੰਗਲੀ ਸੂਰਾਂ ਦੇ ਝੁੰਡ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਰਹੇ ਹਨ ਅਤੇ ਇਸ ਮਗਰੋਂ ਸ਼ਿਕਾਰੀ ਜ਼ਖ਼ਮੀ ਜੰਗਲੀ ਸੂਰਾਂ ਨੂੰ ਲੈ ਕੇ ਫ਼ਰਾਰ ਹੋ ਗਏ। ਘਟਨਾ ਸਬੰਧੀ ਇਕ ਮਕਾਨ ਮਾਲਕ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ, ਉਸ ਨੇ ਕਿਹਾ ਕਿ ਜੇਕਰ ਸ਼ਿਕਾਰੀ ਆਪਣਾ ਨਿਸ਼ਾਨਾ ਭੁੱਲ ਜਾਂਦੇ ਤਾਂ ਗੋਲੀਆਂ ਉਸ ਦੇ ਘਰ ਨੂੰ ਲੱਗ ਜਾਂਦੀਆਂ | ਦੱਸਿਆ ਜਾ ਰਿਹਾ ਹੈ ਕਿ ਨੰਗਲ ਪੁਲਸ ਦੀ ਟੀਮ ਅਤੇ ਪਸ਼ੂ ਸੁਰੱਖਿਆ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।