ਵਿੱਤੀ ਸਾਲ 2023-24 ‘ਚ 7.3 ਫੀਸਦੀ ਦੀ ਦਰ ਨਾਲ ਵਧੇਗੀ ਭਾਰਤ ਦੀ GDP

by jaskamal

ਪੱਤਰ ਪ੍ਰੇਰਕ : ਵਿੱਤੀ ਸਾਲ 2023-24 'ਚ ਦੇਸ਼ ਦੀ ਆਰਥਿਕਤਾ 7.3 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ, ਜਦੋਂ ਕਿ ਪਿਛਲੇ ਵਿੱਤੀ ਸਾਲ 'ਚ ਇਹ 7.2 ਫੀਸਦੀ ਸੀ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਦਾਜ਼ੇ 'ਚ ਇਹ ਸੰਭਾਵਨਾ ਪ੍ਰਗਟਾਈ ਗਈ ਹੈ। ਰਾਸ਼ਟਰੀ ਅੰਕੜਾ ਦਫਤਰ (ਐੱਨ. ਐੱਸ. ਓ.) ਨੇ ਰਾਸ਼ਟਰੀ ਆਮਦਨ ਦੇ ਆਪਣੇ ਪਹਿਲੇ ਅਗਾਊਂ ਅੰਦਾਜ਼ੇ 'ਚ ਕਿਹਾ ਕਿ 2011-12 ਦੀਆਂ ਸਥਿਰ ਕੀਮਤਾਂ 'ਤੇ ਅਸਲ ਜੀਡੀਪੀ (ਕੁਲ ਘਰੇਲੂ ਉਤਪਾਦ) ਵਿੱਤੀ ਸਾਲ 2023-24 'ਚ 171.79 ਲੱਖ ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ।

ਵਿੱਤੀ ਸਾਲ 2022-23 ਲਈ 160.06 ਲੱਖ ਕਰੋੜ ਰੁਪਏ ਦੇ ਜੀਡੀਪੀ ਦਾ ਅਸਥਾਈ ਅਨੁਮਾਨ 31 ਮਈ, 2023 ਨੂੰ ਜਾਰੀ ਕੀਤਾ ਗਿਆ ਸੀ। ਅਧਿਕਾਰਤ ਬਿਆਨ ਮੁਤਾਬਕ ਮੌਜੂਦਾ ਵਿੱਤੀ ਸਾਲ 'ਚ ਦੇਸ਼ ਦੀ ਅਸਲ ਜੀਡੀਪੀ ਵਾਧਾ ਦਰ 7.3 ਫੀਸਦੀ ਰਹਿਣ ਦਾ ਅਨੁਮਾਨ ਹੈ ਜਦਕਿ ਪਿਛਲੇ ਵਿੱਤੀ ਸਾਲ 'ਚ ਇਹ 7.2 ਫੀਸਦੀ ਸੀ।

ਵਿੱਤੀ ਸਾਲ 2023-24 ਵਿੱਚ ਮੌਜੂਦਾ ਕੀਮਤਾਂ 'ਤੇ ਜੀਡੀਪੀ 296.58 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜਦੋਂ ਕਿ 31 ਮਈ, 2023 ਨੂੰ ਜਾਰੀ ਕੀਤੇ ਗਏ ਸਾਲ 2022-23 ਦੇ ਅਸਥਾਈ ਅਨੁਮਾਨਾਂ ਅਨੁਸਾਰ, ਜੀਡੀਪੀ 272.41 ਲੱਖ ਕਰੋੜ ਰੁਪਏ ਸੀ। ਐਨਐਸਓ ਦੇ ਅਨੁਸਾਰ, ਸਾਲ 2023-24 ਵਿੱਚ ਮੌਜੂਦਾ ਕੀਮਤਾਂ 'ਤੇ ਜੀਡੀਪੀ ਦੀ ਵਿਕਾਸ ਦਰ 8.9 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ ਜਦੋਂ ਕਿ 2022-23 ਵਿੱਚ ਇਹ 16.1 ਪ੍ਰਤੀਸ਼ਤ ਸੀ। ਪਿਛਲੇ ਮਹੀਨੇ ਆਪਣੀ ਦੋ-ਮਾਸਿਕ ਮੁਦਰਾ ਨੀਤੀ ਸਮੀਖਿਆ ਵਿੱਚ, ਰਿਜ਼ਰਵ ਬੈਂਕ ਨੇ 2023-24 ਲਈ ਦੇਸ਼ ਦੀ ਜੀਡੀਪੀ ਵਿਕਾਸ ਦਰ ਦਾ ਅਨੁਮਾਨ 6.5 ਪ੍ਰਤੀਸ਼ਤ ਤੋਂ ਵਧਾ ਕੇ ਸੱਤ ਪ੍ਰਤੀਸ਼ਤ ਕਰ ਦਿੱਤਾ ਸੀ।