ਕੋਚੀ: ਭਾਰਤੀ ਫ਼ੌਜ 'ਚ ਮਹਿਲਾ ਪਾਇਲਟਸ ਦਾ ਨਾਂ ਵੀ ਸ਼ੁਮਾਰ ਹੋਣ ਲੱਗਾ ਹੈ। ਹਵਾਈ ਫ਼ੌਜ ਦੀਆਂ ਤਿੰਨ ਮਹਿਲਾ ਪਾਇਲਟਸ ਵੱਲੋਂ ਮਿੱਗ-21 ਉਡਾਉਣ ਤੋਂ ਬਾਅਦ ਹੁਣ ਬਿਹਾਰ ਦੀ ਧੀ ਹਵਾਈ ਫ਼ੌਜ 'ਚ ਪਾਇਲਟ ਬਣਨ ਜਾ ਰਹੀ ਹੈ। ਕੜੀ ਮੁਸ਼ੱਕਤ ਦੇ ਜ਼ੋਰ 'ਤੇ ਆਪਣੇ ਮੁਕਾਮ 'ਤੇ ਪਹੁੰਚਣ ਵਾਲੀ ਇਹ ਧੀ ਇਕ ਨਵਾਂ ਅਧਿਆਏ ਲਿਖੇਗੀ। ਇਸ ਦਸੰਬਰ ਭਾਰਤੀ ਜਲ ਸੈਨਾ ਨੂੰ ਜਲਦ ਪਹਿਲੀ ਮਹਿਲਾ ਪਾਇਲਟ ਮਿਲ ਜਾਵੇਗੀ। ਸੂਤਰਾਂ ਅਨੁਸਾਰ, ਬਿਹਾਰ ਦੇ ਮੁਜੱਫਰਪੁਰ ਦੀ ਰਹਿਣ ਵਾਲੀ ਲੈਫਟੀਨੈਂਟ ਸ਼ਿਵਾਂਗੀ ਦੀ ਆਪ੍ਰੇਸ਼ਨਲ ਟ੍ਰੇਨਿੰਗ ਪੂਰੀ ਹੋ ਗਈ ਹੈ ਤੇ ਦੋ ਦਸੰਬਰ ਨੂੰ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣੇਗੀ।
ਜ਼ਿਕਰਯੋਗ ਹੈ ਕਿ ਚਾਰ ਦਸੰਬਰ ਨੂੰ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ ਤੇ ਉਸ ਤੋਂ ਠੀਕ ਪਹਿਲਾਂ ਲੈਫਟੀਨੈਂਟ ਸ਼ਿਵਾਂਗੀ ਜਲ ਸੈਨਾ 'ਚ ਮਹਿਲਾ ਪਾਇਲਟ ਦੇ ਰੂਪ 'ਚ ਟੋਹੀ ਜਹਾਜ਼ ਉਡਾਉਂਦੀ ਨਜ਼ਰ ਆਵੇਗੀ। ਸ਼ਿਵਾਂਗੀ ਭਾਰਤੀ ਜਲ ਸੈਨਾ ਅਕਾਦਮੀ, ਐਢਿਮਲਾ ਦੇ 27 ਐੱਨਓਸੀ ਸਿਲੇਬਸ ਤਹਿਤ ਐੱਸਐੱਸਸੀ (ਪਾਇਲਟ) ਵਜੋਂ ਜਲ ਸੈਨਾ ਨਾਲ ਜੁੜੀ ਸੀ। ਵਾਈਸ ਐਡਮਿਰਲ ਏਕੇ ਚਾਵਲਾ ਨੇ ਜੂਨ 'ਚ ਉਸ ਨੂੰ ਰਸਮੀ ਰੂਪ 'ਚ ਜਲ ਸੈਨਾ ਦਾ ਹਿੱਸਾ ਬਣਾਇਆ ਸੀ।
ਫ਼ਿਲਹਾਲ ਦੱਖਣੀ ਜਲ ਸੈਨਾ ਕਮਾਨ 'ਚ ਟ੍ਰੇਨਿੰਗ ਲੈ ਰਹੀ ਸ਼ਿਵਾਂਗੀ ਨੂੰ ਦੋ ਦਸੰਬਰ ਨੂੰ ਡਾਰਨੀਅਰ ਜਹਾਜ਼ ਉਡਾਉਣ ਲਈ ਅਧਿਕਾਰਤ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਨਿਗਰਾਨੀ ਜਹਾਜ਼ਾਂ ਨੂੰ ਘਟ ਦੂਰੀ ਦੇ ਸਮੁੰਦਰੀ ਮਿਸ਼ਨਜ਼ ਲਈ ਭੇਜਿਆ ਜਾਂਦਾ ਹੈ ਤੇ ਇਹ ਭਾਰਤੀ ਸਮੁੰਦਰੀ ਖੇਤਰ ਦੀ ਨਿਗਰਾਨੀ 'ਚ ਮਦਦ ਕਰਦੇ ਹਨ।
ਜਲ ਸੈਨਾ ਦੇ ਏਵੀਏਸਨ ਵਿਭਾਗ 'ਚ ਹੁਣ ਮਹਿਲਾ ਅਧਿਕਾਰੀਆਂ ਦੀ ਨਿਯੁਕਤੀ ਏਅਰ ਟ੍ਰੈਫਿਕ ਕੰਟਰੋਲ ਅਫਸਰ ਤੇ ਜਹਾਜ਼ 'ਚ ਆਬਜ਼ਰਵਰ ਵਜੋਂ ਹੁੰਦੀ ਹੈ। ਮੁਜੱਫਰਨਪੁਰ ਦੇ ਡੀਏਵੀ ਪਬਲਿਕ ਸਕੂਲ 'ਚ ਪੜ੍ਹਾਈ ਤੋਂ ਬਾਅਦ ਸ਼ਿਵਾਂਗੀ ਨੇ ਬਖਰੀ ਦੇ ਡੀਏਵੀ ਤੋਂ ਬਾਰ੍ਹਵੀਂ ਤਕ ਪੜ੍ਹਾਈ ਕੀਤੀ ਹੈ। ਸ਼ਿਵਾਂਗੀ ਨੇ ਇਸ ਤੋਂ ਬਾਅਦ ਬੀਟੈੱਕ ਕੀਤੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।