ਭਾਰਤੀ ਅਮਰੀਕੀ ਕਰ ਰਹੇ ਨੇ ਨਿਊਯਾਰਕ ਵਿੱਚ CAA ਦਾ ਸਮਰਥਨ

by

ਨਿਊਯਾਰਕ (NRI MEDIA) : ਇੱਕ ਪਾਸੇ ਜਿੱਥੇ ਭਾਰਤ ਵਿੱਚ ਨਾਗਰਿਕਤਾ ਸੋਧ ਬਿੱਲ (ਸੀਏਏ) ਦਾ ਵਿਰੋਧ ਕੀਤੇ ਜਾ ਰਿਹਾ ਹੈ, ਦੂਜੇ ਪਾਸੇ ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਨੇ ਇਸ ਦਾ ਸਮਰਥਨ ਕੀਤਾ ਹੈ। ਭਾਰਤੀ ਮੂਲ ਦੇ ਲੋਕਾਂ ਨੇ ਸੀਏਏ ਦੇ ਸਮਰਥਨ ਵਿੱਚ ਵੱਖ-ਵੱਖ ਥਾਵਾਂ ਉੱਤੇ ਪ੍ਰੋਗਰਾਮ ਕੀਤੇ ਅਤੇ ਇਸ ਨੂੰ ਭਾਰਤ ਸਰਕਾਰ ਵੱਲੋਂ ਚੁੱਕਿਆ ਇਤਿਹਾਸਕ ਕਦਮ ਦੱਸਿਆ ਹੈ।ਸੀਏਏ ਮੁਤਾਬਕ ਜੋ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਈਸਾਈ ਲੋਕ ਧਾਰਮਿਕ ਤਸ਼ੱਦਦ ਤੋਂ ਤੰਗ ਹੋ ਕੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ 31 ਦਸੰਬਰ, 2014 ਤੱਕ ਭਾਰਤ ਆ ਗਏ ਹਨ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ।

ਭਾਰਤੀ-ਅਮਰੀਕੀਆਂ ਦਾ ਇੱਕ ਸਮੂਹ ਐਤਵਾਰ ਨੂੰ ਟਾਈਮਜ਼ ਸਕਾਇਰ 'ਤੇ ਇਕੱਠਾ ਹੋਇਆ। ਉਨ੍ਹਾਂ ਦੇ ਹੱਥਾਂ ਵਿੱਚ ਪੋਸਟਰ ਸਨ ਅਤੇ ਉਹ ਸੀਏਏ ਤੇ ਨਰਿੰਦਰ ਮੋਦੀ ਸਰਕਾਰ ਦੇ ਸਮਰਥਨ ਵਿੱਚ ਨਾਅਰੇ ਲਗਾ ਰਹੇ ਸਨ।ਇਨ੍ਹਾਂ ਪੋਸਟਰਾਂ ਉੱਤੇ ਲਿਖਿਆ ਸੀ, "ਸੀਏਏ ਮਨੁੱਖੀ ਅਧਿਕਾਰਾਂ ਬਾਰੇ ਹੈ, ਅਸੀਂ ਮਾਣ ਨਾਲ ਜਿਉਣ ਦੇ ਅਧਿਕਾਰ ਦਾ ਸਮਰਥਨ ਕਰਦੇ ਹਾਂ। ਪ੍ਰਵਾਸੀ ਭਾਰਤੀ ਸੀਏਏ ਦਾ ਸਮਰਥਨ ਕਰਦੇ ਹਨ ਅਤੇ ਸੀਏਏ ਪਾਰਦਰਸ਼ੀ ਤੇ ਲੋਕਤੰਤਰਿਕ ਪ੍ਰਕਿਰਿਆ ਨਾਲ ਪਾਸ ਕੀਤਾ ਗਿਆ ਹੈ।"

ਇਸ ਸਮਰਥਨ ਰੈਲੀ ਵਿੱਚ ਓਵਰਸੀਜ਼ ਫ੍ਰੈਂਡਸ ਆਫ ਬੀਜੇਪੀ-ਯੂਐਸਏ ਦੇ ਪ੍ਰਧਾਨ ਕ੍ਰਿਸ਼ਣਾ ਰੈੱਡੀ ਅਨੁਗੁਲਾ ਅਤੇ ਸੰਗਠਨ ਦੇ ਬਾਕੀ ਮੈਂਬਰ ਸ਼ਾਮਲ ਸਨ। ਉੱਥੇ ਹੀ ਲੋਂਗ ਆਈਲੈਂਡ ਵਿੱਚ ਸਨਿੱਚਰਵਾਰ ਨੂੰ ਇਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਰਤੀ-ਅਮਰੀਕੀਆਂ ਨੇ ਨਵੇਂ ਕਾਨੂੰਨ ਲਈ ਆਪਣਾ ਸਮਰਥਨ ਜ਼ਾਹਰ ਕੀਤਾ।ਅਮਰੀਕਨ ਇੰਡੀਅਨ ਪਬਲਿਕ ਅਫੇਅਰਜ਼ ਕਮੇਟੀ ਦੇ ਪ੍ਰਧਾਨ ਜਗਦੀਪ ਸੇਵਾਨੀ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਇਹ ਕਾਨੂੰਨ ਲਿਆਉਣਾ ਇਕ ਇਤਿਹਾਸਕ ਫੈਸਲਾ ਹੈ।