ਨਵੀਂ ਦਿੱਲੀ (Vikram Sehajpal) : ਹਰ ਸਾਲ 8 ਅਕਤੂਬਰ ਨੂੰ ਏਅਰ ਫੋਰਸ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਏਅਰ ਫੋਰਸ ਆਪਣਾ 87 ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। 8 ਅਕਤੂਬਰ 1932 ਨੂੰ ਏਅਰਫੋਰਸ ਦੀ ਸਥਾਪਨਾ ਕੀਤੀ ਗਈ ਸੀ। ਇਸ ਮੌਕੇ ਭਾਰਤ ਦੀ ਤਿੰਨਾਂ ਫੌਜਾਂ ਦੇ ਮੁਖੀਆਂ ਨੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਸ਼ਰਧਾਂਜਲੀ ਭੇਟ ਕੀਤੀ ਹੈ।ਇਸ ਦਿਨ ਏਅਰ ਫੋਰਸ ਵੱਲੋਂ ਸ਼ਾਨਦਾਰ ਪਰੇਡਾਂ ਅਤੇ ਏਅਰ ਸ਼ੋਅ ਦਾ ਆਯੋਜਨ ਕੀਤਾ ਜਾਂਦਾ ਹੈ।
ਆਜ਼ਾਦੀ ਤੋਂ ਪਹਿਲਾਂ ਹਵਾਈ ਸੈਨਾ ਨੂੰ ਰਾਇਲ ਇੰਡੀਅਨ ਏਅਰ ਫੋਰਸ (ਆਰਆਈਏਐਫ) ਕਿਹਾ ਜਾਂਦਾ ਸੀ। 1 ਅਪ੍ਰੈਲ 1933 ਨੂੰ ਏਅਰ ਫੋਰਸ ਦੀ ਪਹਿਲੀ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ 6 ਆਰਏਐਫ ਦੇ ਅਧਿਕਾਰੀ ਅਤੇ ਹਵਾਈ ਫ਼ੌਜ ਦੇ 19 ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਦੂਸਰੇ ਵਿਸ਼ਵ ਯੁੱਧ ਵਿੱਚ ਭਾਰਤੀ ਹਵਾਈ ਸੈਨਾ ਨੇ ਖ਼ਾਸ ਭੂਮਿਕਾ ਨਿਭਾਈ ਸੀ। ਆਜ਼ਾਦੀ ਤੋਂ ਬਾਅਦ ਇਸ ਵਿਚੋਂ 'ਰਾਇਲ' ਸ਼ਬਦ ਨੂੰ ਹਟਾ ਕੇ 'ਇੰਡੀਅਨ ਏਅਰਫੋਰਸ' ਰੱਖ ਦਿੱਤਾ ਗਿਆ ਸੀ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਦਿਨ ਹੀ ਮਸ਼ਹੂਰ ਲੇਖਕ ਮੁੰਸ਼ੀ ਪ੍ਰੇਮ ਚੰਦ ਦੀ ਬਰਸੀ ਹੈ। ਮੁੰਸ਼ੀ ਪ੍ਰੇਮ ਚੰਦ ਹਿੰਦੀ ਅਤੇ ਉਰਦੂ ਦੇ ਮਹਾਨ ਭਾਰਤੀ ਲੇਖਕਾਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ ਨਵਾਬ ਰਾਏ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਬੰਗਾਲ ਦੇ ਉੱਘੇ ਨਾਵਲਕਾਰ ਸ਼ਰਤਚੰਦਰ ਚੱਟੋਪਾਧਿਆਏ ਨੇ ਨਾਵਲ ਸਮਰਾਟ ਦਾ ਨਾਂਅ ਦਿੱਤਾ ਸੀ।
ਦੇਸ਼ ਤੇ ਦੁਨੀਆ ਦੇ ਇਤਿਹਾਸ ਵਿੱਚ 8 ਅਕਤੂਬਰ ਨੂੰ ਦਰਜ ਹੋਰ ਘਟਨਾਵਾਂ
- 1919: ਗਾਂਧੀ ਜੀ ਨੇ ਯੰਗ ਇੰਡੀਆ ਰਸਾਲੇ ਦੀ ਸ਼ੁਰੂਆਤ ਕੀਤੀ ਸੀ।
- 1952: ਹੈਰੋ ਵਿੱਚ ਤਿੰਨ ਰੇਲ ਗੱਡੀਆਂ ਟਕਰਾਉਣ ਨਾਲ 85 ਲੋਕਾਂ ਦੀ ਮੌਤ ਹੋਈ ਸੀ। ਇਸ ਨੂੰ ਬ੍ਰਿਟੇਨ ਦਾ ਸਭ ਤੋਂ ਭਿਆਨਕ ਰੇਲ ਹਾਦਸਾ ਮੰਨਿਆ ਜਾਂਦਾ ਹੈ।
- 1979: ਦੇਸ਼ ਵਿੱਚ ਕਾਂਗਰਸ ਅਤੇ ਇੰਦਰਾ ਗਾਂਧੀ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਜੈਪ੍ਰਕਾਸ਼ ਨਾਰਾਇਣ ਦੀ ਮੌਤ ਹੋਈ ਸੀ।
- 2005: ਪਾਕਿਸਤਾਨ ਦੇ ਉੱਤਰ ਪੱਛਮੀ ਸੂਬੇ ਅਤੇ ਕਸ਼ਮੀਰ ਵਿੱਚ ਆਏ ਭਿਆਨਕ ਭੂਚਾਲ ਵਿੱਚ ਘੱਟੋ ਘੱਟ 79,000 ਲੋਕਾਂ ਦੀ ਮੌਤ ਹੋਈ ਸੀ।
- 2018: ਭਾਰਤ ਨੇ ਜਕਾਰਤਾ ਪੈਰਾ ਏਸ਼ੀਅਨ ਖੇਡਾਂ ਵਿੱਚ 3 ਸੋਨ ਤਗਮੇ ਸਮੇਤ ਕੁੱਲ 11 ਤਗਮੇ ਜਿੱਤੇ ਸਨ।