ਅੰਮ੍ਰਿਤਸਰ,(ਦੇਵ ਇੰਦਰਜੀਤ) :26 ਮਾਰਚ ਦੇ ਭਾਰਤ ਬੰਦ ਨੂੰ ਸਫ਼ਲ ਕਰਨ ਲਈ ਪਿੰਡ ਵੱਲਾ ਵਿਖੇ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਦਾ ਵਿਸ਼ਾਲ ਇਕੱਠ ਕਰਕੇ ਪਰਿਵਾਰਾਂ ਸਮੇਤ ਸ਼ਾਮਲ ਹੋਣ ਲਈ ਲਾਮਬੰਦ ਕੀਤਾ ਗਿਆ। ਮੀਟਿੰਗ 'ਚ ਉਚੇਚੇ ਤੌਰ 'ਤੇ ਪਹੁੰਚੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮ, ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਦੇਸ਼ ਪੱਧਰੀ ਭਾਰਤ ਬੰਦ ਦੀ ਕਾਲ ਨੂੰ ਕਾਮਯਾਬ ਕਰਨ ਲਈ ਪਿੰਡ ਪੱਧਰ 'ਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਜਿਸ 'ਚ ਹਜ਼ਾਰਾਂ ਕਿਸਾਨ, ਮਜ਼ਦੂਰ, ਬੀਬੀਆਂ, ਨੌਜਵਾਨ ਗੋਲਡਨ ਗੇਟ, ਵੱਲਾ ਸਬਜੀ ਮੰਡੀ ਰੇਲਵੇ ਫਾਟਕ, ਚੱਬਾ ਚੌਂਕ, ਸੰਗਰਾਨਾ ਸਾਹਿਬ ਰੇਲ ਮਾਰਗ, ਰਈਆ ਰੇਲ ਫਾਟਕ ਸਮੇਤ ਅੰਮਿ੍ਤਸਰ ਵਿਚ 88 ਥਾਵਾਂ 'ਤੇ ਪਹੁੰਚ ਕੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਾਉਣ, ਪਰਾਲੀ ਐਕਟ 2020 ਰੱਦ ਕਰਨ, ਕਿਸਾਨਾਂ ਉੱਤੇ ਪਾਏ ਝੂਠੇ ਕੇਸ ਰੱਦ ਕਰਕੇ ਜੇਲ੍ਹਾਂ 'ਚ ਬੰਦ ਕਿਸਾਨ, ਨੌਜਵਾਨ ਰਿਹਾਅ ਕਰਨ, ਕਣਕ ਝੋਨੇ ਸਮੇਤ ਸਾਰੀਆਂ ਫ਼ਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਐੱਮਐੱਸਪੀ ਕਨੂੰਨ ਲਾਗੂ ਕਰਨ, ਕਰਜ਼ੇ ਖ਼ਤਮ ਕਰਨ, ਕੋਰੋਨਾ ਦੇ ਨਾਂ 'ਤੇ ਪੁਲਿਸ ਵੱਲੋਂ ਡੰਡਾ ਤੰਤਰ ਨਾਲ ਜਬਰੀ ਚਲਾਨ ਕਰਨੇ ਬੰਦ ਕਰਨ ਦੀ ਮੰਗ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੀ ਸਰਕਾਰ ਪੂੰਜੀਪਤੀਆਂ ਅੱਗੇ ਗੋਡੇ ਟੇਕ ਕੇ ਨਿੱਜੀਕਰਨ ਦੀਆਂ ਨੀਤੀਆਂ ਪੂਰੀ ਤਰਾਂ ਲਾਗੂ ਕਰਨ ਲਈ ਕਾਰਪੋਰੇਟਾਂ ਲਈ ਬੂਹੇ ਖੋਲ ਰਹੀ ਹੈ।
ਐੱਫਸੀਆਈ ਫ਼ਸਲਾਂ ਖ੍ਰੀਦਣ ਤੋ ਭੱਜ ਰਹੀ ਹੈ ਤੇ ਖੇਤੀ ਕਿੱਤੇ ਨੂੰ ਬਰਬਾਦ ਕਰਨ ਲਈ ਹੀ ਨਵੇਂ ਖੇਤੀ ਕਾਨੂੰਨ ਲਿਆਂਦੇ ਜਾ ਰਹੇ ਹਨ ਜੋ ਬਿਲਕੁਲ ਹੀ ਕਿਸਾਨਾਂ ਤੇ ਆਮ ਲੋਕਾਂ ਦੇ ਉਲਟ ਹਨ। ਕਿਸਾਨ ਆਗੂਆਂ ਨੇ ਦੇਸ਼ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 26 ਦੇ ਭਾਰਤ ਬੰਦ ਨੂੰ ਸਫ਼ਲ ਕਰਨ ਲਈ ਕੇਂਦਰ ਸਰਕਾਰ ਦੇ ਖਿਲਾਫ ਆਪਣੇ ਅਦਾਰੇ, ਦੁਕਾਨਾਂ ਤੇ ਕਾਰੋਬਾਰ ਬੰਦ ਕਰਕੇ ਪਰਿਵਾਰਾਂ ਸਮੇਤ ਇਸ ਅੰਦੋਲਨ ਵਿਚ ਸ਼ਾਮਲ ਹੋ ਕੇ ਇਕਜੁੱਟਤਾ ਦਾ ਸਬੂਤ ਦੇਣ।