ਸਪੋਰਟਸ ਡੈਸਕ: ਭਾਰਤੀ ਕ੍ਰਿਕਟ ਟੀਮ ਲਗਾਤਾਰ ਆਪਣੇ ਅਭਿਆਸ 'ਚ ਤਬਦੀਲੀ ਕਰਦੀ ਰਹਿੰਦੀ ਹੈ ਤੇ ਹੁਣ ਦਬਾਅ ਦਾ ਸਾਹਮਣਾ ਕਰਨ ਦੇ ਨਾਲ ਖਿਡਾਰੀਆਂ ਦੀ 'ਰਨਿੰਗ ਸਪੀਡ' ਵਧਾਉਣ ਲਈ ਇਕ ਨਵੀਂ ਮਜ਼ੇਦਾਰ ਕਵਾਇਦ ਸ਼ੁਰੂ ਕੀਤੀ ਗਈ ਹੈ। ਵੈਸਟਇੰਡੀਜ਼ ਖ਼ਿਲਾਫ਼ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਪਹਿਲੇ ਅਭਿਆਸ ਸੈਸ਼ਨ ਦੌਰਾਨ ਬੁੱਧਵਾਰ ਨੂੰ ਹੈਦਰਾਬਾਦ ਵਿਚ ਭਾਰਤੀ ਖਿਡਾਰੀਆਂ ਨੂੰ ਦੋ ਲਾਈਨਾਂ ਵਿਚ ਇਕ ਦੂਜੇ ਦੇ ਪਿੱਛੇ ਖੜ੍ਹਾ ਕੀਤਾ ਗਿਆ। ਇਸ ਵਿਚ ਉਹ ਇਕੱਠੇ ਆਮ ਰੂਪ ਨਾਲ ਛੋਟੀ ਦੂਰੀ ਨੂੰ ਤੇਜ਼ੀ ਨਾਲ ਦੌੜ ਕੇ ਪੂਰੀ ਕਰਨ ਦਾ ਅਭਿਆਸ ਕਰ ਰਹੇ ਸਨ। ਅਭਿਆਸ ਦਾ ਨਵਾਂ ਤਰੀਕਾ ਇਹ ਹੈ ਕਿ ਪਹਿਲੀ ਕਤਾਰ ਵਿਚ ਖੜ੍ਹੇ ਖਿਡਾਰੀ ਆਪਣੀ ਸ਼ਾਰਟਸ ਵਿਚ ਰੁਮਾਲ ਪਾ ਲੈਂਦੇ ਸਨ ਤੇ ਦੂਜੀ ਕਤਾਰ 'ਚ ਖੜ੍ਹੇ ਖਿਡਾਰੀ ਉਸ ਨੂੰ ਕੱਢਣ ਲਈ ਉਨ੍ਹਾਂ ਦੇ ਪਿੱਛੇ ਭੱਜਦੇ ਸਨ। ਭਾਰਤੀ ਟੀਮ ਦੇ ਨਵੇਂ ਫਿਟਨੈੱਸ ਕੋਚ (ਟ੍ਰੇਨਰ) ਨਿਕ ਵੈੱਬ ਨੇ ਇਹ ਅਭਿਆਸ ਸ਼ੁਰੂ ਕੀਤਾ ਹੈ ਜਿਸ ਨਾਲ ਖਿਡਾਰੀਆਂ ਦੀ ਰਫ਼ਤਾਰ ਵੀ ਵਧੇਗੀ ਤੇ ਉਹ ਦਬਾਅ ਦਾ ਸਾਹਮਣਾ ਵੀ ਕਰ ਸਕਣਗੇ। ਆਈਪੀਐੱਲ ਟੀਮ ਦੇ ਸੀਨੀਅਰ ਟ੍ਰੇਨਰ ਨੇ ਕਿਹਾ ਕਿ ਖਿਡਾਰੀ ਜਾਂ ਤਾਂ ਕਿਸੇ ਦਾ ਪਿੱਛਾ ਕਰਦੇ ਹਨ ਜਾਂ ਕੋਈ ਉਨ੍ਹਾਂ ਦਾ ਪਿੱਛਾ ਕਰਦਾ ਹੈ। ਇਸ ਅਭਿਆਸ ਦਾ ਟੀਚਾ ਰਫ਼ਤਾਰ ਵਧਾਉਣਾ ਤੇ ਮੁਕਾਬਲੇ ਰਾਹੀਂ ਅਭਿਆਸ ਦਾ ਮਾਹੌਲ ਤਿਆਰ ਕਰਨਾ ਹੈ। ਕੁੱਲ ਮਿਲਾ ਕੇ ਇਹ ਸੀਰੀਜ਼ ਬਿਹਤਰ ਅੰਜਾਮ ਹਾਸਲ ਕਰਨ ਦਾ ਇਕ ਮੰਤਰ ਹੈ।
'ਮੈਂ ਕੋਹਲੀ ਨੂੰ ਬੱਲੇ ਦੀ ਬਜਾਏ ਸਟੰਪ ਨਾਲ ਬੱਲੇਬਾਜ਼ੀ ਕਰਨ ਲਈ ਕਹਾਂਗਾ ਜਾਂ ਅਸੀਂ ਉਨ੍ਹਾਂ ਨੂੰ 100 ਦੌੜਾਂ ਦੇ ਕੇ ਬਾਕੀ ਬੱਲੇਬਾਜ਼ਾਂ ਲਈ ਗੇਂਦਬਾਜ਼ੀ ਕਰਾਂਗੇ। ਅਜਿਹਾ ਵੀ ਕੀਤਾ ਜਾ ਸਕਦਾ ਹੈ ਕਿ ਇਕ ਹੀ ਸਮੇਂ ਦੋ ਗੇਂਦਬਾਜ਼ ਉਨ੍ਹਾਂ ਨੂੰ ਗੇਂਦਬਾਜ਼ੀ ਕਰਨ। ਸ਼ਾਇਦ ਇਸ ਨਾਲ ਸਾਨੂੰ ਮਦਦ ਮਿਲੇ। ਅਸਲ ਵਿਚ ਵਿਰਾਟ ਨੂੰ ਆਊਟ ਕਰਨਾ ਬਹੁਤ ਮੁਸ਼ਕਲ ਹੈ।
-ਫਿਲ ਸਿਮੰਸ, ਕੋਚ ਵੈਸਟਇੰਡੀਜ਼
'ਮੈਨੂੰ ਨਹੀਂ ਲਗਦਾ ਕਿ ਇਹ ਮੇਰੇ ਲਈ ਹਾਰਦਿਕ ਨੂੰ ਹਟਾਉਣ ਦਾ ਮੌਕਾ ਹੈ ਪਰ ਮੈਨੂੰ ਲਗਦਾ ਹੈ ਕਿ ਮੈਨੂੰ ਆਪਣੇ ਦੇਸ਼ ਲਈ ਚੰਗਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਹਰ ਕੋਈ ਮੇਰਾ ਉਤਸ਼ਾਹ ਵਧਾਅ ਰਿਹਾ ਹੈ। ਕਪਤਾਨ ਤੇ ਟੀਮ ਮੈਨੇਜਮੈਂਟ ਤੋਂ ਬਹੁਤ ਸਹਿਯੋਗ ਮਿਲ ਰਿਹਾ ਹੈ। ਇਸ ਨਾਲ ਮੇਰਾ ਆਤਮਵਿਸ਼ਵਾਸ ਵਧਦਾ ਹੈ।
-ਸ਼ਿਵਮ ਦੂਬੇ, ਭਾਰਤੀ ਹਰਫ਼ਨਮੌਲਾ
ਵਿੰਡੀਜ਼ ਨੇ ਮੋਂਟੀ ਦੇਸਾਈ ਨੂੰ ਬਣਾਇਆ ਬੱਲੇਬਾਜ਼ੀ ਕੋਚ
ਭਾਰਤ ਖ਼ਿਲਾਫ਼ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਸੀਮਤ ਓਵਰਾਂ ਦੀ ਸੀਰੀਜ਼ ਤੋਂ ਪਹਿਲਾਂ ਵੈਸਟਇੰਡੀਜ਼ ਨੇ ਬੁੱਧਵਾਰ ਨੂੰ ਮੋਂਟੀ ਦੇਸਾਈ ਨੂੰ ਆਪਣਾ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ। ਵੈਸਟਇੰਡੀਜ਼ ਕ੍ਰਿਕਟ ਬੋਰਡ (ਡਬਲਯੂਆਈਸੀਬੀ) ਮੁਤਾਬਕ ਦੇਸਾਈ ਦਾ ਕਰਾਰ ਦੋ ਸਾਲ ਲਈ ਹੈ। ਉਹ ਸ਼ੁੱਕਰਵਾਰ ਨੂੰ ਇੱਥੇ ਰਾਜੀਵ ਗਾਂਧੀ ਸਟੇਡੀਅਮ ਵਿਚ ਹੋਣ ਵਾਲੇ ਪਹਿਲੇ ਟੀ-20 ਮੈਚ ਤੋਂ ਪਹਿਲਾਂ ਟੀਮ ਨਾਲ ਜੁੜ ਜਾਣਗੇ। ਆਪਣੇ 12 ਸਾਲ ਤੋਂ ਜ਼ਿਆਦਾ ਦੇ ਕਰੀਅਰ ਵਿਚ ਦੇਸਾਈ ਨੇ ਅਫ਼ਗਾਨਿਸਤਾਨ, ਨੇਪਾਲ, ਕੈਨੇਡਾ, ਭਾਰਤ ਦੀਆਂ ਖੇਤਰੀ ਟੀਮਾਂ ਤੇ ਆਈਪੀਐੱਲ ਦੀਆਂ ਟੀਮਾਂ ਰਾਜਸਥਾਨ ਰਾਇਲਜ਼ ਤੇ ਗੁਜਰਾਤ ਲਾਇਨਜ਼ ਲਈ ਕੋਚ ਦੀਆਂ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਦੀ ਸਭ ਤੋਂ ਨਵੀਂ ਭੂਮਿਕਾ ਯੂਏਈ ਦੀ ਟੀਮ ਦੇ ਬੱਲੇਬਾਜ਼ੀ ਕੋਚ ਦੀ ਸੀ। ਦੇਸਾਈ ਨੇ ਕਿਹਾ ਕਿ ਮੈਂ ਮੁੱਖ ਕੋਚ ਫਿਲ ਸਿਮੰਸ ਤੇ ਕ੍ਰਿਕਟ ਡਾਇਰੈਕਟਰ ਜਿਮੀ ਐਡਮਜ਼ ਅਤੇ ਆਪਣੇ ਕਪਤਾਨਾਂ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਤ ਹਾਂ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।