ਸਪੋਰਟਸ ਡੈਸਕ: ਇੱਥੇ ਖੇਡੇ ਗਏ ਇਕ ਰੋਮਾਂਚਕ ਮੁਕਾਬਲੇ ਵਿਚ ਭਾਰਤ ਨੇ ਵੈਸਟਇੰਡੀਜ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਨੂੰ 2-1 ਨਾਲ ਆਪਣੇ ਨਾਂ ਕੀਤਾ।
ਟਾਸ ਜਿੱਤ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਨਿਕੋਲਸ ਪੂਰਨ (89) ਤੇ ਕਪਤਾਨ ਕੀਰੋਨ ਪੋਲਾਰਡ (ਅਜੇਤੂ 74) ਦੇ ਅਰਧ ਸੈਂਕੜਿਆਂ ਤੇ ਦੋਵਾਂ ਵਿਚਾਲੇ ਸੈਂਕੜੇ ਵਾਲੀ ਭਾਈਵਾਲੀ ਨਾਲ ਵੈਸਟਇੰਡੀਜ਼ ਨੇ ਧੀਮੀ ਸ਼ੁਰੂਆਤ ਤੋਂ ਬਾਅਦ ਭਾਰਤ ਖ਼ਿਲਾਫ਼ ਪੰਜ ਵਿਕਟਾਂ 'ਤੇ 315 ਦੌੜਾਂ ਬਣਾਈਆਂ।
ਪੂਰਨ ਨੇ 64 ਗੇਂਦਾਂ ਵਿਚ 10 ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ 89 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਕਪਤਾਨ ਪੋਲਾਰਡ ਨਾਲ ਪੰਜਵੀਂ ਵਿਕਟ ਲਈ 16.2 ਓਵਰਾਂ ਵਿਚ 132 ਦੌੜਾਂ ਦੀ ਭਾਈਵਾਲੀ ਕੀਤੀ। ਸ਼ਾਈ ਹੋਪ (42) ਤੇ ਰੋਸਟਨ ਚੇਸ (38) ਨੇ ਵੀ ਸ਼ਾਨਦਾਰ ਪਾਰੀਆਂ ਖੇਡੀਆਂ।
ਉਨ੍ਹਾਂ ਦੀ ਤੇ ਪੂਰਨ ਦੀ ਭਾਈਵਾਲੀ ਦੀ ਬਦੌਲਤ ਵੈਸਟਇੰਡੀਜ਼ ਦੀ ਟੀਮ ਆਖ਼ਰੀ 10 ਓਵਰਾਂ ਵਿਚ 118 ਦੌੜਾਂ ਜੋੜਨ ਵਿਚ ਕਾਮਯਾਬ ਰਹੀ। ਭਾਰਤ ਵੱਲੋਂ ਨਵਦੀਪ ਸੈਣੀ ਸਭ ਤੋਂ ਕਾਮਯਾਬ ਗੇਂਦਬਾਜ਼ ਰਹੇ ਜਿਨ੍ਹਾਂ ਨੇ 58 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਜਵਾਬ ਵਿਚ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਦੇ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ (63), ਲੋਕੇਸ਼ ਰਾਹੁਲ (77) ਤੇ ਕਪਤਾਨ ਵਿਰਾਟ ਕੋਹਲੀ (85) ਨੇ ਬਿਹਤਰੀਨ ਪਾਰੀਆਂ ਖੇਡੀਆਂ। ਆਖ਼ਰੀ ਓਵਰਾਂ ਵਿਚ ਰਵਿੰਦਰ ਜਡੇਜਾ (ਅਜੇਤੂ 39) ਤੇ ਸ਼ਾਰਦੁਲ ਠਾਕੁਰ (ਅਜੇਤੂ 17) ਨੇ ਭਾਰਤ ਨੂੰ ਅੱਠ ਗੇਂਦਾਂ ਬਾਕੀ ਰਹਿੰਦਿਆਂ ਟੀਚੇ ਤਕ ਪਹੁੰਚਾ ਦਿੱਤਾ।
ਮੈਨੂੰ ਮਾਰਸ਼ਲ ਦੀ ਯਾਦ ਦਿਵਾਉਂਦੇ ਹਨ ਸ਼ਮੀ : ਗਾਵਸਕਰ
ਸਾਬਕਾ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਐਤਵਾਰ ਨੂੰ ਕਿਹਾ ਕਿ ਮੁਹੰਮਦ ਸ਼ਮੀ ਕਈ ਵਾਰ ਉਨ੍ਹਾਂ ਨੂੰ ਵੈਸਟਇੰਡੀਜ਼ ਦੇ ਮਹਾਨ ਤੇਜ਼ ਗੇਂਦਬਾਜ਼ ਮੈਲਕਮ ਮਾਰਸ਼ਲ ਦੀ ਯਾਦ ਦਿਵਾਉਂਦੇ ਹਨ। ਮਾਰਸ਼ਲ ਨਾਲ ਤੁਲਨਾ ਨਾਲ ਯਕੀਨੀ ਤੌਰ 'ਤੇ ਭਾਰਤ ਦੇ ਇਸ ਸੀਨੀਅਰ ਤੇਜ਼ ਗੇਂਦਬਾਜ਼ ਦਾ ਮਨੋਬਲ ਵਧੇਗਾ ਜਿਸ ਨੇ ਪੂਰੇ ਸੈਸ਼ਨ ਦੌਰਾਨ ਆਪਣੀ ਤੇਜ਼ੀ, ਸਵਿੰਗ ਤੇ ਉਛਾਲ ਨਾਲ ਵਿਰੋਧੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ।
ਸ਼ਮੀ 2019 'ਚ ਵਨ ਡੇ ਵਿਚ 42 ਵਿਕਟਾਂ ਨਾਲ ਸਭ ਤੋਂ ਕਾਮਯਾਬ ਗੇਂਦਬਾਜ਼ ਰਹੇ। ਸ਼ਮੀ ਦੀ ਤਾਰੀਫ਼ ਕਰਦਿਆਂ ਗਾਵਸਕਰ ਨੇ ਨਾਲ ਹੀ ਕਿਹਾ ਕਿ ਮਾਰਸ਼ਲ ਬਾਰੇ ਸੋਚ ਕੇ ਉਹ ਹੁਣ ਵੀ ਗਹਿਰੀ ਨੀਂਦ ਤੋਂ ਉੱਠ ਜਾਂਦੇ ਹਨ। ਗਾਵਸਕਰ ਨੇ ਭਾਰਤੀ ਤੇਜ਼ ਗੇਂਦਬਾਜ਼ੀ ਵਿਚ ਕ੍ਰਾਂਤੀ ਲਿਆਉਣ ਦਾ ਮਾਣ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਦੇਵ ਨੂੰ ਦਿੱਤਾ। ਸ਼ਮੀ ਦੀ ਯੋਗਤਾ ਤੋਂ ਪ੍ਰਭਾਵਿਤ ਸਾਬਕਾ ਭਾਰਤੀ ਕਪਤਾਨ ਗਾਵਸਕਰ ਨੇ ਇਸ ਤੋਂ ਪਹਿਲਾਂ ਇਸ ਤੇਜ਼ ਗੇਂਦਬਾਜ਼ ਦੀ ਤੁਲਨਾ ਤੇਂਦੂਏ ਨਾਲ ਕੀਤੀ ਸੀ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।