2nd T-20 Match: ਵੈਸਟਇੰਡੀਜ਼ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ

by

ਮੀਡੀਆ ਡੈਸਕ: ਐਤਵਾਰ ਨੂੰ ਤਿਰੂਵਨੰਤਪੁਰਮ ਦੇ ਗ੍ਰੀਨ ਫੀਲਡ ਸਟੇਡੀਅਮ ਵਿਚ ਵੈਸਟਇੰਡੀਜ਼ ਖ਼ਿਲਾਫ਼ ਖੇਡੇ ਗਏ ਦੂਜੇ ਟੀ-20 ਮੁਕਾਬਲੇ ਵਿਚ ਭਾਰਤ ਨੂੰ ਅੱਠ ਵਿਕਟਾਂ ਨਾਲ ਕਰਾਰੀ ਹਾਰ ਮਿਲੀ।

ਭਾਰਤ ਦੀਆਂ ਸੱਤ ਵਿਕਟਾਂ 'ਤੇ 170 ਦੌੜਾਂ ਦੇ ਜਵਾਬ ਵਿਚ ਵੈਸਟਇੰਡੀਜ਼ ਨੇ 18.3 ਓਵਰਾਂ 'ਚ ਸਿਰਫ਼ ਦੋ ਵਿਕਟਾਂ ਦੇ ਨੁਕਸਾਨ 'ਤੇ 173 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਵਿੰਡੀਜ਼ ਲਈ ਪਿਛਲੇ ਮੈਚ ਵਿਚ ਨਾਕਾਮ ਰਹਿਣ ਵਾਲੇ ਲੇਂਡਲ ਸਿਮਨਜ਼ (ਅਜੇਤੂ 67) ਤੇ ਇਵਿਨ ਲੁਇਸ (40) ਨੇ ਪਹਿਲੀ ਵਿਕਟ ਲਈ 73 ਦੌੜਾਂ ਦੀ ਬਿਹਤਰੀਨ ਭਾਈਵਾਲੀ ਕੀਤੀ। ਇਸ ਤੋਂ ਬਾਅਦ ਅੰਤ ਵਿਚ ਨਿਕੋਲਸ ਪੂਰਨ ਨੇ 18 ਗੇਂਦਾਂ 'ਤੇ ਅਜੇਤੂ 38 ਦੌੜਾਂ ਬਣਾ ਕੇ ਜਿੱਤ 'ਚ ਅਹਿਮ ਯੋਗਦਾਨ ਦਿੱਤਾ। ਇਸ ਤਰ੍ਹਾਂ ਵੈਸਟਇੰਡੀਜ਼ ਨੇ ਲੜੀ ਵਿਚ 1-1 ਦੀ ਬਰਾਬਰੀ ਹਾਸਲ ਕਰ ਲਈ ਹੈ।


ਇਸ ਮੈਚ ਵਿਚ ਜਿੱਥੇ ਵਿਰਾਟ ਕੋਹਲੀ ਨੇ ਮੁੰਬਈ ਦੇ ਨੌਜਵਾਨ ਬੱਲੇਬਾਜ਼ ਸ਼ਿਵਮ ਦੂਬੇ 'ਤੇ ਯਕੀਨ ਕੀਤਾ ਤੇ ਉਨ੍ਹਾਂ ਨੂੰ ਆਪਣੀ ਥਾਂ 'ਤੇ ਬੱਲੇਬਾਜ਼ੀ ਲਈ ਭੇਜਿਆ ਤਾਂ ਟੀਮ ਇੰਡੀਆ ਦੀ ਪੂਰੀ ਪਾਰੀ ਹੀ ਉਨ੍ਹਾਂ ਦੇ ਆਲੇ-ਦੁਆਲੇ ਘੁੰਮ ਗਈ। ਟੀ-20 ਕਰੀਅਰ ਦੇ ਪਹਿਲੇ ਅਰਧ ਸੈਂਕੜੇ ਦੀ ਬਦੌਲਤ ਸ਼ਿਵਮ ਨੇ ਭਾਰਤੀ ਟੀਮ ਨੂੰ 20 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ 'ਤੇ 170 ਦੌੜਾਂ ਤਕ ਪਹੁੰਚਾ ਦਿੱਤਾ।

ਸਹੀ ਮਾਅਨਿਆਂ ਵਿਚ ਭਾਰਤੀ ਟੀਮ ਲਈ ਪਿਛਲੇ ਮੈਚ ਦੇ ਮੁਕਾਬਲੇ ਇਸ ਵਾਰ ਇਕ ਚਾਲ ਨੂੰ ਛੱਡ ਕੇ ਕੁਝ ਵੀ ਚੰਗਾ ਨਹੀਂ ਰਿਹਾ। ਪਹਿਲਾਂ ਭਾਰਤੀ ਕਪਤਾਨ ਕੋਹਲੀ ਟਾਸ ਨਹੀਂ ਜਿੱਤ ਸਕੇ ਤੇ ਟੀਚਾ ਹਾਸਲ ਕਰਨ ਲਈ ਮਸ਼ਹੂਰ ਮੈਦਾਨ 'ਤੇ ਪਹਿਲਾਂ ਬੱਲੇਬਾਜ਼ੀ ਲਈ ਮਜਬੂਰ ਹੋ ਗਏ। ਇਸ ਦੇ ਬਾਵਜੂਦ ਭਾਰਤੀ ਟੀਮ ਨੂੰ ਆਪਣੇ ਉੱਪ ਕਪਤਾਨ ਰੋਹਿਤ ਸ਼ਰਮਾ ਤੋਂ ਇਸ ਵਾਰ ਵੱਡੀ ਪਾਰੀ ਦੀ ਉਮੀਦ ਸੀ ਤਾਂ ਦੂਜੇ ਪਾਸੇ ਕੇਐੱਲ ਰਾਹੁਲ 'ਤੇ ਯਕੀਨ ਸੀ।

ਰੋਹਿਤ ਦੇ ਬੱਲੇ 'ਤੇ ਗੇਂਦ ਨਹੀਂ ਆ ਰਹੀ ਸੀ ਉਹ ਸ਼ਾਟ ਖੇਡਣ ਲਈ ਜੂਝ ਰਹੇ ਸਨ ਤੇ ਲੱਗ ਰਿਹਾ ਸੀ ਕਿ ਉਹ ਕਦੀ ਵੀ ਆਪਣਾ ਵਿਕਟ ਗੁਆ ਦੇਣਗੇ। ਪਿਛਲੇ ਮੈਚ ਵਿਚ 62 ਦੌੜਾਂ ਦੀ ਪਾਰੀ ਖੇਡਣ ਵਾਲੇ ਲੋਕੇਸ਼ ਰਾਹੁਲ ਖਾਰੇ ਪੀਅਰੇ ਦੀ ਗੇਂਦ 'ਤੇ ਹੇਟਮਾਇਰ ਨੂੰ ਕੈਚ ਦੇ ਕੇ ਆਊਟ ਹੋਏ। ਰਾਹੁਲ 11 ਗੇਂਦਾਂ ਵਿਚ ਸਿਰਫ਼ 11 ਦੌੜਾਂ ਹੀ ਬਣਾ ਸਕੇ। ਇਸ ਤੋਂ ਬਾਅਦ ਕਪਤਾਨ ਕੋਹਲੀ ਨੇ ਸ਼ਿਵਮ ਦੂਬੇ ਨੂੰ ਬੱਲੇਬਾਜ਼ੀ ਲਈ ਭੇਜਿਆ।

ਇਸ ਦੌਰਾਨ ਰੋਹਿਤ ਵੀ 18 ਗੇਂਦਾਂ 'ਤੇ 15 ਦੌੜਾਂ ਬਣਾ ਕੇ ਆਊਟ ਹੋ ਗਏ। ਸ਼ੁਰੂਆਤ ਵਿਚ ਜੂਝ ਰਹੇ ਸ਼ਿਵਮ ਦੀ ਖੇਡ ਵਿਰਾਟ ਦੇ ਆਉਂਦੇ ਹੀ ਬਦਲ ਗਈ। ਉਨ੍ਹਾਂ ਨੇ ਸਿਰਫ਼ 27 ਗੇਂਦਾਂ ਵਿਚ ਆਪਣੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ। ਹਾਲਾਂਕਿ ਸ਼ਿਵਮ ਹੇਡਨ ਵਾਲਸ਼ ਜੂਨੀਅਰ ਦੀ ਗੇਂਦ 'ਤੇ ਛੱਕਾ ਲਾਉਣ ਦੀ ਕੋਸ਼ਿਸ਼ ਵਿਚ ਮਿਸ ਟਾਈਮ ਕੈਚ ਫੜਾ ਗਏ। ਸ਼ਿਵਮ ਨੇ 30 ਗੇਂਦਾਂ ਵਿਚ ਤਿੰਨ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ।


ਵਿਰਾਟ ਨੇ 17 ਗੇਂਦਾਂ ਵਿਚ 19 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਸਿਰਫ਼ 10 ਦੌੜਾਂ ਬਣਾ ਸਕੇ। ਪੰਤ ਨੇ ਹਾਲਾਂਕਿ ਜੁਝਾਰੂਪਨ ਦਿਖਾਇਆ ਤੇ ਫਿਨਿਸ਼ਰ ਦੀ ਭੂਮਿਕਾ ਨਿਭਾਉਂਦੇ ਹੋਏ 22 ਗੇਂਦਾਂ ਵਿਚ ਤਿੰਨ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 33 ਦੌੜਾਂ ਬਣਾਈਆਂ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।