India Vs West Indies ਦੂਜਾ ODI ਮੈਚ ਅੱਜ, ਲੜੀ ਬਰਾਬਰ ਕਰਨ ਲਈ ਮੈਦਾਨ ‘ਚ ਉੱਤਰੇਗੀ ਟੀਮ ਇੰਡੀਆ

by mediateam

ਮੀਡੀਆ ਡੈਸਕ: ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਜਦ ਬੁੱਧਵਾਰ ਨੂੰ ਵਿਸ਼ਾਖਾਪਟਨਮ ਵਿਚ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਵਨ ਡੇ ਮੈਚ ਵਿਚ ਖੇਡਣ ਉਤਰੇਗੀ ਤਾਂ ਉਸ ਦੇ ਸਾਹਮਣੇ ਉਹੀ ਪੁਰਾਣੀ ਕਹਾਣੀ ਹੋਵੇਗੀ ਜਿਸ ਨਾਲ ਉਹ ਪਿਛਲੇ ਕੁਝ ਸਮੇਂ ਤੋਂ ਜੂਝਦੀ ਹੋਈ ਆਈ ਹੈ।

ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਵਨ ਡੇ ਮੈਚ ਵਿਚ ਕੋਹਲੀ ਨੂੰ ਆਪਣੇ ਗੇਂਦਬਾਜ਼ੀ ਹਮਲੇ ਕਾਰਨ ਪਰੇਸ਼ਾਨ ਹੋਣਾ ਪਿਆ ਸੀ ਤੇ ਇਹੀ ਕਹਾਣੀ ਉਸ ਨੂੰ ਆਪਣੇ ਘਰ ਵਿਚ ਆਸਟ੍ਰੇਲੀਆ ਖ਼ਿਲਾਫ਼ ਪਿਛਲੀ ਘਰੇਲੂ ਵਨ ਡੇ ਸੀਰੀਜ਼ ਵਿਚ ਵੀ ਦੇਖਣ ਨੂੰ ਮਿਲੀ ਸੀ। ਹੁਣ ਵੈਸਟਇੰਡੀਜ਼ ਕੋਲ ਭਾਰਤ ਨੂੰ ਉਸ ਦੇ ਘਰ ਵਿਚ ਵਨ ਡੇ ਸੀਰੀਜ਼ ਵਿਚ ਹਰਾਉਣ ਦਾ ਮੌਕਾ ਹੈ ਕਿਉਂਕਿ 17 ਸਾਲਾ ਬਾਅਦ ਕੀਰੋਨ ਪੋਲਾਰਡ ਦੀ ਅਗਵਾਈ ਵਾਲੀ ਟੀਮ ਇਹ ਸੀਰੀਜ਼ ਜਿੱਤ ਸਕਦੀ ਹੈ।

ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੇ ਭਾਰਤ ਨੂੰ 2002/03 ਦੀ ਸੱਤ ਮੈਚਾਂ ਦੀ ਸੀਰੀਜ਼ ਵਿਚ 4-3 ਨਾਲ ਹਰਾਇਆ ਸੀ। ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਵੈਸਟਇੰਡੀਜ਼ ਟੀਮ ਨੇ ਜਿੱਤ ਕੇ 1-0 ਨਾਲ ਬੜ੍ਹਤ ਬਣਾਈ ਹੋਈ ਹੈ। ਭਾਰਤੀ ਟੀਮ ਦਾ ਇਰਾਦਾ ਦੂਜਾ ਮੈਚ ਜਿੱਤ ਕੇ ਸੀਰੀਜ਼ ਨੂੰ ਬਰਾਬਰ ਕਰਨ ਦਾ ਹੋਵੇਗਾ।

ਭਾਰਤ ਹਾਰਿਆ ਤਾਂ ਬਣਨਗੇ ਖ਼ਰਾਬ ਰਿਕਾਰਡ

ਕੋਹਲੀ ਦੀ ਟੀਮ ਜੇ ਦੂਜਾ ਮੈਚ ਗੁਆ ਬੈਠਦੀ ਹੈ ਤਾਂ ਉਸ ਦੇ ਖ਼ਾਤੇ ਵਿਚ ਕਈ ਖ਼ਰਾਬ ਰਿਕਾਰਡ ਜੁੜ ਜਾਣਗੇ। ਭਾਰਤ ਨੇ 15 ਸਾਲ ਪਹਿਲਾਂ ਘਰ ਵਿਚ ਦੋ ਲਗਾਤਾਰ ਵਨ ਡੇ ਲੜੀਆਂ ਗੁਆਈਆਂ ਸਨ। ਇਸ ਨਾਲ ਉਹ ਆਪਣੇ ਘਰ ਵਿਚ ਕਦੀ ਵੀ ਪੰਜ ਲਗਾਤਾਰ ਮੈਚ ਵਨ ਡੇ ਵਿਚ ਨਹੀਂ ਹਾਰੇ ਹਨ, ਪਰ ਦੋਵੇਂ ਚੀਜ਼ਾਂ ਬੁੱਧਵਾਰ ਨੂੰ ਹੋ ਸਕਦੀਆਂ ਹਨ।

ਇਸ ਸੀਰੀਜ਼ ਤੋਂ ਪਹਿਲਾਂ ਆਸਟ੍ਰੇਲੀਆ ਨੇ ਇਸ ਸਾਲ ਮਾਰਚ ਵਿਚ ਭਾਰਤ ਨੂੰ ਵਨ ਡੇ ਸੀਰੀਜ਼ ਵਿਚ 3-2 ਨਾਲ ਹਰਾਇਆ ਸੀ ਤੇ ਉਸ ਸੀਰੀਜ਼ ਦੇ ਆਖ਼ਰੀ ਤਿੰਨ ਮੈਚ ਭਾਰਤੀ ਟੀਮ ਹਾਰ ਗਈ ਸੀ। ਹੁਣ ਵੈਸਟਇੰਡੀਜ਼ ਖ਼ਿਲਾਫ਼ ਪਹਿਲਾ ਵਨ ਡੇ ਗੁਆਉਣ ਨਾਲ ਭਾਰਤੀ ਟੀਮ ਘਰ ਵਿਚ ਲਗਾਤਾਰ ਚਾਰ ਵਨ ਡੇ ਮੈਚ ਹਾਰ ਚੁੱਕੀ ਹੈ। ਜੇ ਇਹ ਮੈਚ ਵੀ ਹਾਰ ਗਈ ਤਾਂ ਘਰ ਵਿਚ ਲਗਾਤਾਰ ਦੂਜੀ ਵਨ ਡੇ ਸੀਰੀਜ਼ ਗੁਆ ਬੈਠੇਗੀ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ

ਭਾਰਤ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਕੇਐੱਲ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਸ਼ਿਵਮ ਦੂਬੇ, ਕੇਦਾਰ ਜਾਧਵ, ਰਵਿੰਦਰ ਜਡੇਜਾ, ਯੁਜਵਿੰਦਰ ਸਿੰਘ ਚਹਿਲ, ਕੁਲਦੀਪ ਯਾਦਵ, ਦੀਪਕ ਚਾਹਰ, ਮੁਹੰਮਦ ਸ਼ਮੀ ਤੇ ਸ਼ਾਰਦੁਲ ਠਾਕੁਰ।

ਵੈਸਟਇੰਡੀਜ਼: ਕੀਰੋਨ ਪੋਲਾਰਡ (ਕਪਤਾਨ), ਸੁਨੀਲ ਅੰਬਰੀਸ਼, ਸ਼ਾਈ ਹੋਪ, ਖੈਰੀ ਪੀਅਰੇ, ਰੋਸਟਨ ਚੇਸ, ਅਲਜਾਰੀ ਜੋਸੇਫ, ਸ਼ੇਲਡਨ ਕਾਟਰੇਲ, ਬਰੈਂਡਨ ਕਿੰਗ, ਨਿਕੋਲਸ ਪੂਰਨ, ਸ਼ਿਮਰੋਨ ਹੇਟਮਾਇਰ, ਇਵਿਨ ਲੁਇਸ, ਰੋਮਾਰੀਓ ਸ਼ੇਫਰਡ, ਜੇਸਨ ਹੋਲਡਰ, ਕੀਮੋ ਪਾਲ ਤੇ ਹੇਡਨ ਵਾਲਸ਼ ਜੂਨੀਅਰ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।