ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਨੇ ਆਸਟ੍ਰੇਲੀਆ ਨਾਲ ਇਤਿਹਾਸਕ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ ਹੈ। ਇਸ ਸਮਝੌਤੇ ਦੇ ਅਧੀਨ ਆਸਟ੍ਰੇਲੀਆ ਟੈਕਸਟਾਈਲ, ਚਮੜਾ, ਗਹਿਣੇ ਅਤੇ ਖੇਡ ਉਤਪਾਦਾਂ ਸਮੇਤ 95 ਫੀਸਦੀ ਤੋਂ ਵਧ ਭਾਰਤੀ ਵਸਤੂਆਂ ਲਈ ਆਪਣੇ ਬਜ਼ਾਰ 'ਚ ਫੀਸ ਮੁਕਤ ਪਹੁੰਚ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ ਦੋ-ਪੱਖੀ ਸੰਬੰਧਾਂ ਲਈ ਇਕ 'ਵਾਟਰਸ਼ੈੱਡ ਪਲ' ਹੈ। ਉਦਯੋਗ ਮੰਤਰੀ ਪੀਊਸ਼ ਗੋਇਲ ਅਤੇ ਆਸਟ੍ਰੇਲੀਆ ਦੇ ਵਪਾਰ, ਸੈਰ-ਸਪਾਟਾ ਅਤੇ ਨਿਵੇਸ਼ ਮੰਤਰੀ ਡੇਨ ਤੇਹਾਨ ਨੇ ਇਕ ਆਨਲਾਈਨ ਸਮਾਰੋਹ 'ਚ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ।
ਉੱਥੇ ਹੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੌਰੀਸਨ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਨਾਲ ਆਸਟ੍ਰੇਲੀਆ ਦੇ ਨਜ਼ਦੀਕੀ ਸਬੰਧਾਂ ਨੂੰ ਹੋਰ ਵੀ ਗੂੜ੍ਹਾ ਕਰੇਗਾ। ਇਸ ਮੌਕੇ ਵਣਜ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਦੋ-ਪੱਖੀ ਵਪਾਰ ਨੂੰ 27 ਅਰਬ ਡਾਲਰ ਤੋਂ ਵਧਾ ਕੇ 45-50 ਅਰਬ ਡਾਲਰ ਤੱਕ ਪਹੁੰਚਣ 'ਚ ਮਦਦਗਾਰ ਹੋਵੇਗਾ। ਭਾਰਤ ਵੱਲੋਂ ਆਸਟ੍ਰੇਲੀਆ ਨੂੰ ਨਿਰਯਾਤ ਕੀਤੀਆਂ ਜਾਣ ਵਾਲੀਆਂ ਪ੍ਰਮੁੱਖ ਵਸਤਾਂ 'ਚ ਪੈਟਰੋਲੀਅਮ ਉਤਪਾਦ, ਟੈਕਸਟਾਈਲ ਅਤੇ ਕੱਪੜੇ, ਇੰਜਨੀਅਰਿੰਗ ਸਮਾਨ, ਚਮੜਾ, ਰਸਾਇਣ, ਰਤਨ ਅਤੇ ਗਹਿਣੇ ਸ਼ਾਮਲ ਹਨ।