28 ਫਰਵਰੀ, ਸਿਮਰਨ ਕੌਰ, (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਭਾਰਤ ਤੇ ਪਾਕਿਸਤਾਨ 'ਚ ਚੱਲ ਰਹੇ ਤਣਾਅ ਕਾਰਨ ਕਰਤਾਰਪੁਰ ਸਾਹਿਬ ਗਲਿਆਰੇ ਦੇ ਪ੍ਰਭਾਵਿਤ ਹੋਣ ਦੇ ਤੌਖ਼ਲਿਆਂ ਸਾਫ ਹੋ ਗਏ ਹਨ। ਭਾਰਤ ਨੇ ਸਾਫ ਕੀਤਾ ਹੈ ਕਿ ਕਰਤਾਰਪੁਰ ਲਾਂਘੇ ਸਬੰਧੀ ਪਾਕਿਸਤਾਨ ਨਾਲ ਤੈਅ ਕੀਤੀ ਹਰ ਵਾਰਤਾ ਨੂੰ ਤੈਅ ਸਮੇਂ ਮੁਤਾਬਕ ਹੀ ਕੀਤਾ ਜਾਵੇਗਾ। ਜਾਣਕਾਰੀ ਸਬੰਧੀ ਪਤਾ ਲੱਗਾ ਹੈ ਕਿ ਦੋਵੇਂ ਦੇਸ਼ਾਂ ਦੇ ਮੰਤਰੀ 13 ਮਾਰਚ ਨੂੰ ਮਿਲਣ ਜਾ ਰਹੇ ਹਨ।
ਕੇਂਦਰ ਸਰਕਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਕਰਤਾਰਪੁਰ ਸਾਹਿਬ ਕੌਰੀਡੋਰ ਦੇਸ਼ ਦੀ ਆਬਾਦੀ ਦੇ ਜ਼ਿਕਰਯੋਗ ਹਿੱਸੇ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੇ ਜਜ਼ਬਾਤਾਂ ਨਾਲ ਸਬੰਧਤ ਹੈ। ਇਸ ਲਈ ਭਾਰਤੀ ਵਫ਼ਦ ਕਰਤਾਰਪੁਰ ਸਾਹਿਬ ਗੁਰਦੁਆਰੇ ਤਕ ਬਣਨ ਵਾਲੇ ਗਲਿਆਰੇ ਲਈ ਪਾਕਿਸਤਾਨ ਨਾਲ ਮੁਲਾਕਾਤ ਕਰੇਗਾ। ਭਾਰਤ ਨੇ ਪਾਕਿਸਤਾਨ ਵੱਲੋਂ ਸਾਂਝੀ ਰੇਲ ਸੇਵਾ ਰੱਦ ਕਰਨ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਭਾਰਤ ਨੇ ਸਮਝੌਤਾ ਐਕਸਪ੍ਰੈਸ ਰੱਦ ਕਰਨ ਲਈ ਕੋਈ ਵੀ ਸੱਦਾ ਨਹੀਂ ਦਿੱਤਾ।
ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਅਤੇ ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ 'ਚ ਦਹਿਸ਼ਤੀ ਟਿਕਾਣਿਆਂ 'ਤੇ ਸੁੱਟੇ ਬੰਬਾਂ ਮਗਰੋਂ ਦੋਵਾਂ ਮੁਲਕਾਂ 'ਚ ਤਲਖ਼ੀ ਬੇਹੱਦ ਵਧ ਗਈ ਸੀ। ਉੱਧਰ, ਪਾਕਿਸਤਾਨ ਨੇ ਕਈ ਵਾਰ ਭਾਰਤ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ, ਜਿਸ ਕਾਰਨ ਮਾਹੌਲ ਸ਼ਾਂਤ ਹੋਣ ਵੱਲ ਵਧ ਰਿਹਾ ਹੈ।