ਖੇਡ ਡੈਸਕ — ਨਿਊਜ਼ੀਲੈਂਡ ਵਿਰੁੱਧ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਆਈ. ਸੀ. ਸੀ. ਵਿਸਵ ਕੱਪ ਦੇ ਆਪਣੇ ਆਖਰੀ ਅਭਿਆਸ ਮੈਚ ਵਿਚ ਮੰਗਲਵਾਰ ਨੂੰ ਬੰਗਲਾਦੇਸ਼ ਵਿਰੁੱਧ ਆਪਣੀਆਂ ਗਲਤੀਆਂ ਸੁਧਾਰਨ ਦੀ ਕੋਸ਼ਿਸ਼ ਕਰੇਗੀ ਤਾਂ ਕਿ ਟੂਰਨਾਮੈਂਟ ਵਿਚ ਉਹ ਉੱਚੇ ਮਨੋਬਲ ਨਾਲ ਉਤਰ ਸਕੇ। ਭਾਰਤੀ ਟੀਮ ਆਈ. ਸੀ. ਸੀ. ਵਿਸ਼ਵ ਕੱਪ ਵਿਚ 5 ਜੂਨ ਨੂੰ ਦੱਖਣੀ ਅਫਰੀਕਾ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਹਾਲਾਂਕਿ ਆਪਣੇ ਪਿਛਲੇ ਅਭਿਆਸ ਮੈਚ ਵਿਚ ਨਿਊਜ਼ੀਲੈਂਡ ਵਿਰੁੱਧ ਉਸਦਾ ਪ੍ਰਦਰਸ਼ਨ ਸ਼ਰਮਨਾਕ ਰਿਹਾ ਸੀ ਤੇ ਟੀਮ 39.2 ਓਵਰਾਂ ਵਿਚ ਮੁਸ਼ਕਿਲ ਨਾਲ 179 ਦੌੜਾਂ ਹੀ ਬਣਾ ਸਕੀ ਸੀ। ਇਸ ਮੈਚ ਵਿਚ ਕੀਵੀ ਟੀਮ ਨੇ 77 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਜਿੱਤ ਕੀਤੀ ਸੀ।
ਭਾਰਤ ਦਾ ਬੱਲੇਬਾਜ਼ੀ ਕ੍ਰਮ ਇਸ ਮੈਚ ਵਿਚ ਪੂਰੀ ਤਰ੍ਹਾਂ ਫਲਾਪ ਰਿਹਾ ਅਤੇ ਰੋਹਿਤ ਤੇ ਸ਼ਿਖਰ ਧਵਨ ਦੀ ਸਟਾਰ ਓਪਨਿੰਗ ਜੋੜੀ ਕੁਲ 3 ਦੌੜਾਂ ਹੀ ਜੋੜ ਸਕੀ ਸੀ ਜਦਕਿ ਦੋਵੇਂ ਓਪਨਰਾਂ 'ਤੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਉਣ ਦੀ ਸਭ ਤੋਂ ਅਹਿਮ ਜ਼ਿੰਮੇਵਾਰੀ ਹੈ। ਉਥੇ ਹੀ ਖੁਦ ਪਹਿਲੀ ਵਾਰ ਵਿਸ਼ਵ ਕੱਪ ਵਿਚ ਭਾਰਤੀ ਟੀਮ ਦੀ ਕਪਤਾਨੀ ਕਰ ਰਿਹਾ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵੀ 24 ਗੇਂਦਾਂ 'ਤੇ 18 ਦੌੜਾਂ ਹੀ ਬਣਾ ਸਕੀ। ਉਥੇ ਹੀ ਇਕ ਵਾਰ ਚੌਥੇ ਕ੍ਰਣ ਦੀ ਪਹੇਲੀ ਭਾਰਤੀ ਟੀਮ ਸੁਲਝਾ ਨਹੀਂ ਸਕੀ ਤੇ ਲੋਕੇਸ਼ ਰਾਹੁਲ ਇਸ ਕ੍ਰਮ 'ਤੇ 6 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਆਲਰਾਊਂਡਰ ਹਾਰਦਿਕ ਪੰਡਯਾ ਨੇ 30 ਦੌੜਾਂ ਦੀ ਪਾਰੀ ਖੇਡ ਕੇ ਵਿਕਟ 'ਤੇ ਟਿਕਣ ਦੀ ਕੁਝ ਸਾਹਸ ਦਿਖਾਇਆ ਜਦਕਿ ਹੇਠਲੇ ਕ੍ਰਮ 'ਤੇ ਆਲਰਾਊਂਡਰ ਰਵਿੰਦਰ ਜਡੇਜਾ ਬੱਲੇ ਨਾਲ ਸਭ ਤੋਂ ਸਫਲ ਰਿਹਾ, ਜਿਸ ਨੇ 50 ਗੇਂਦਾਂ 'ਤੇ 54 ਦੌੜਾਂ ਬਣਾਈਆਂ, ਜਿਸ ਵਿਚ 6 ਚੌਕੇ ਤੇ 2 ਛੱਕੇ ਸ਼ਾਮਲ ਹਨ। ਟੀਮ ਇੰਡੀਆ ਦੇ ਬੱਲੇਬਾਜ਼ਾਂ ਲਈ ਜ਼ਰੂਰੀ ਹੈ ਕਿ ਉਹ ਇੰਗਲੈਂਡ ਦੀਆਂ ਚੁਣੌਤੀਪੂਰਨ ਪਿੱਚਾਂ'ਤੇ ਟਿਕਣ ਦਾ ਸਾਹਸ ਦਿਖਾਉਣ। ਭਾਰਤੀ ਬੱਲੇਬਾਜ਼ਾਂ ਲਈ ਜ਼ਰੂਰੀ ਹੋਵੇਗਾ ਕਿ ਉਹ ਖੁਦ ਨੂੰ ਇੱਥੇ ਸਾਬਤ ਕਰਨ, ਜਿਨ੍ਹਾਂ ਦਾ ਇਸ ਤੋਂ ਪਹਿਲਾਂ ਆਈ. ਪੀ. ਐੱਲ. ਵਿਚ ਕਾਫੀ ਚੰਗਾ ਪ੍ਰਦਰਸ਼ਨ ਰਿਹਾ ਸੀ। ਧਵਨ, ਰੋਹਿਤ ਤੇ ਵਿਰਾਟ ਸਾਰਿਆਂ ਨੇ ਟੀ-20 ਲੀਗ ਵਿਚ ਬੱਲੇ ਨਾਲ ਕਾਫੀ ਪ੍ਰਭਾਵਿਤ ਕੀਤਾ ਸੀ।
ਖੁਦ ਵਿਰਾਟ ਨੇ ਕਿਹਾ ਸੀ ਕਿ ਇਹ ਸਭ ਤੋਂ ਚੁਣੌਤੀਪੂਰਨ ਵਿਸ਼ਵ ਕੱਪ ਹੋਵੇਗਾ, ਜਿਸ ਵਿਚ ਕੋਈ ਵੀ ਟੀਮ ਆਪਣੇ ਦਿਨ ਵੱਡਾ ਉਲਟਫੇਰ ਕਰ ਸਕਦੀ ਹੈ। ਇਸ ਤੋਂ ਪਹਿਲਾਂ 1992 ਦੀ ਚੈਂਪੀਅਨ ਪਾਕਿਸਤਾਨ ਤੇ ਪਹਿਲੀ ਵਾਰ ਵਿਸ਼ਵ ਕੱਪ ਵਿਚ ਉਤਰ ਰਹੀ ਅਫਗਾਨਿਸਤਾਨ ਵਿਚਾਲੇ ਅਭਿਆਸ ਮੈਚ ਹੈਰਾਨ ਕਰਨ ਵਾਲਾ ਰਿਹਾ ਸੀ, ਜਿਸ ਵਿਚ ਅਫਗਾਨ ਟੀਮ ਨੇ ਜਿੱਤ ਦਰਜ ਕਰਕੇ ਵੱਡਾ ਉਲਟਫੇਰ ਕੀਤਾ ਸੀ। ਭਾਰਤੀ ਟੀਮ ਦੇ ਦੋ ਖਿਡਾਰੀ ਕੇਦਾਰ ਜਾਧਵ ਤੇ ਆਲਰਾਊਂਡਰ ਵਿਜੇ ਸ਼ੰਕਰ ਨੂੰ ਚੌਕਸੀ ਦੇ ਤੌਰ 'ਤੇ ਇਸ ਮੈਚ ਵਿਚੋਂ ਬਾਹਰ ਰੱਖਿਆ ਗਿਆ ਸੀ ਜਿਹੜੇ ਫਿਲਹਾਲ ਫਿਟਨੈੱਸ ਸਮੱਸਿਆ ਨਾਲ ਜੂਝ ਰਹੇ ਹਨ। ਦੇਖਣਾ ਹੋਵੇਗਾ ਕਿ ਨੈੱਟ ਅਭਿਆਸ ਦੌਰਾਨ ਹੱਥ ਵਿਚ ਸੱਟ ਲਗਵਾ ਬੈਠੇ ਸ਼ੰਕਰ ਤੇ ਜਾਧਵ ਨੂੰ ਬੰਗਲਲਾਦੇਸ਼ ਵਿਰੁੱਧ ਮੌਕਾ ਮਿਲਦਾ ਹੈ ਜਾਂ ਨਹੀਂ।
ਉਥੇ ਹੀ ਇੰਗਲੈਂਡ ਦੀਆਂ ਪਿੱਚਾਂ ਕਿਸੇ ਵੀ ਟੀਮ ਲਈ ਚੁਣੌਤੀਪੂਰਨ ਹਨ, ਅਜਿਹੇ ਵਿਚ ਭਾਰਤੀ ਗੇਂਦਬਾਜ਼ਾਂ ਨੂੰ ਵੀ ਇਸ 'ਤੇ ਖੁਦ ਨੂੰ ਸਾਬਤ ਕਰਨਾ ਪਵੇਗਾ। ਆਈ. ਸੀ. ਸੀ. ਵਿਸ਼ਵ ਕੱਪ ਦੇ ਮੁੱਖ ਟੂਰਨਾਮੈਂਟ ਤੋਂ ਪਹਿਲਾਂ ਤਿਆਰੀ ਤੇ ਇੱਥੋਂ ਦੀਆਂ ਪਿੱਚਾਂ ਨੂੰ ਸਮਝਣ ਦਾ ਗੇਂਦਬਾਜ਼ਾਂ ਕੋਲ ਇਹ ਆਖਰੀ ਮੌਕਾ ਵੀ ਹੋਵੇਗਾ। ਕ੍ਰਿਕਟ ਮਾਹਿਰਾਂ ਨੇ ਪਹਿਲਾਂ ਹੀ ਕਿਹਾ ਹੈ ਕਿ ਇਸ ਵਾਰ ਗੇਂਦਬਾਜ਼ਾਂ ਦੀ ਭੂਮਿਕਾ ਅਹਿਮ ਰਹੇਗੀ, ਅਜਿਹੇ ਵਿਚ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ ਤੇ ਪੰਡਯਾ ਦੇ ਪ੍ਰਦਰਸ਼ਨ 'ਤੇ ਨਜ਼ਰਾਂ ਰਹਿਣਗੀਆਂ। ਨਿਊਜ਼ੀਲੈਂਡ ਵਿਰੁੱਧ ਛੋਟੇ ਸਕੋਰ ਦਾ ਬਚਾਅ ਕਰਨ ਲਈ ਗੇਂਦਬਾਜ਼ਾਂ ਨੇ ਕਾਫੀ ਸੰਘਰਸ਼ ਦਿਖਾਇਆ ਸੀ, ਜਿਸ ਵਿਚ ਬੁਮਰਾਹ 4 ਓਵਰਾਂ ਵਿਚ ਸਿਰਫ 2 ਦੌੜਾਂ ਤੇ ਲੈਫਟ ਆਰਮ ਸਪਿਨਰ ਜਡੇਜਾ 7 ਓਵਰਾਂ ਵਿਚ 27 ਦੌੜਾਂ 'ਤੇ ਇਕ-ਇਕ ਵਿਕਟ ਦੇ ਨਾਲ ਸਭ ਤੋਂ ਸਫਲ ਗੇਂਦਬਾਜ਼ ਸਾਬਤ ਹੋਏ ਸਨ। ਹਾਲਾਂਕਿ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ 44 ਦੌੜਾਂ ਦੇ ਕੇ ਸਭ ਤੋਂ ਮਹਿੰਗਾ ਰਿਹਾ। ਉਥੇ ਹੀ ਬੰਗਲਾਦੇਸ਼ ਲਈ ਵੀ ਇਹ ਮੈਚ ਹੋਵੇਗਾ, ਜਿਸਦਾ ਪਿਛਲਾ ਅਭਿਆਸ ਮੈਚ ਪਾਕਿਸਤਾਨ ਵਿਰੁੱਧ ਮੀਂਹ ਕਾਰਨ ਰੱਦ ਰਿਹਾ ਸੀ। ਮੁਸਾਤਫਿਜ਼ੁਰ ਰਹਿਮਾਨ, ਰੁਬੈਲ ਹੁਸੈਨ, ਅਬੂ ਜਾਏਦਾ ਤੇ ਮਹਿਮੂÀਦਉੱਲ੍ਹਾ ਵਰਗੇ ਗੇਂਦਬਾਜ਼ਾਂ ਤੋਂ ਭਾਰਤੀ ਬੱਲੇਬਾਜ਼ਾਂ ਨੂੰ ਚੌਕਸ ਰਹਿਣਾ ਪਵੇਗਾ।
ਹੋਰ ਨਵੀ ਤੇ ਤਾਜ਼ਾ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।