ਦਿੱਲੀ (ਦੇਵ ਇੰਦਰਜੀਤ) : ਅਮਰੀਕਾ ਨੇ ਅਫਗਾਨਿਸਤਾਲ ਵਿਚ ਤਾਲਿਬਾਨ ’ਤੇ ਸਵਾਲ ਖੜ੍ਹੇ ਕਰਦੇ ਹੋਏ ਭਰੋਸਾ ਦਿੱਤਾ ਕਿ ਉਹ ਗਠਜੋੜ ਫ਼ੌਜੀਆਂ ਦੀ ਵਾਪਸੀ ਦੇ ਬਾਵਜੂਦ ਦੇਸ਼ ਵਿਚ ਪ੍ਰਭਾਵੀ ਰੂਪ ਨਾਲ ਮੌਜੂਦ ਰਹੇਗਾ ਅਤੇ ਉਥੇ ਆਰਥਿਕ ਅਤੇ ਸੁਰੱਖਿਆ ਦੇ ਮਾਮਲਿਆਂ ਵਿਚ ਸਰਗਰਮ ਭੂਮਿਕਾ ਨਿਭਾਏਗਾ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬੁੱਧਵਾਰ ਨੂੰ ਇੱਥੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਦੁਵੱਲੀ ਮੀਟਿੰਗ ਦੇ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਇਹ ਗੱਲ ਕਹੀ।
ਬਲਿੰਕਨ ਨੇ ਕਿਹਾ ਕਿ ਬੈਠਕ ਵਿਚ ਦੋਵਾਂ ਦੇਸ਼ਾਂ ਨੇ ਅਫਗਾਨਿਸਤਾਨ ਸਮੇਤ ਸਾਰੇ ਖੇਤਰ ਸੁਰੱਖਿਆ ਸਬੰਧੀ ਮੁੱਦਿਆਂ ’ਤੇ ਚਰਚਾ ਕੀਤੀ। ਭਾਰਤ ਅਤੇ ਅਮਰੀਕਾ ਦੋਵਾਂ ਦੇ ਹਿੱਤ ਇਕ ਸ਼ਾਂਤੀਪੂਰਨ, ਸੁਰੱਖਿਆ ਅਤੇ ਸਥਿਰ ਅਫਗਾਨਿਸਤਾਨ ਹੈ। ਖੇਤਰ ਵਿਚ ਇਕ ਭਰੋਸੇਮੰਦ ਸਾਥੀ ਹੋਣ ਦੇ ਨਾਤੇ ਭਾਰਤ ਅਫਗਾਨਿਸਤਾਨ ਦੀ ਸਥਿਰਤਾ ਅਤੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਉਂਦਾ ਰਹੇਗਾ। ਉਨ੍ਹਾਂ ਕਿਹਾ, ‘ਅਫਗਾਨਿਸਤਾਨ ਤੋਂ ਗਠਜੋੜ ਫ਼ੌਜੀਆਂ ਦੀ ਵਾਪਸੀ ਦੇ ਬਾਅਦ ਵੀ ਅਸੀਂ ਦੋਵੇਂ ਮਿਲ ਕੇ ਅਫਗਾਨ ਜਨਤਾ ਨੂੰ ਹਾਸਲ ਉਪਲਬੱਧੀਆਂ ਨੂੰ ਬਰਕਰਾਰ ਰੱਖਣ ਅਤੇ ਖੇਤਰੀ ਸਥਿਰਤਾ ਨੂੰ ਕਾਇਮ ਰੱਖਣ ਲਈ ਮਿਲ ਕੇ ਕੰਮ ਕਰਦੇ ਰਹਾਂਗੇ।
ਅਫਗਾਨਿਸਤਾਨ ਦੀ ਸ਼ਾਂਤੀ ਪ੍ਰਕਿਰਿਆ ਦੀ ਸਫ਼ਲਤਾ ਦੀ ਕਾਮਨਾ ਕਰਦੇ ਹੋਏ ਬਲਿੰਕਨ ਨੇ ਮੰਨਿਆ ਅਫਗਾਨਿਸਤਾਨ ਵਿਚ ਕੋਈ ਫ਼ੌਜੀ ਹੱਲ ਸੰਭਵ ਨਹੀਂ ਹੈ ਅਤੇ ਤਾਲਿਬਾਨ ਅਤੇ ਸਰਕਾਰ ਵਿਚਾਲੇ ਸਮਝੌਤੇ ਨਾਲ ਹੀ ਕੋਈ ਸਥਾਈ ਹੱਲ ਨਿਕਲੇਗਾ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਵਿਚ ਸੰਘਰਸ਼ ਦੇ ਹੱਲ ਲਈ ਸਾਰੇ ਪੱਖਾਂ ਨੂੰ ਗੱਲਬਾਤ ਦੀ ਮੇਜ ’ਤੇ ਲਿਆਉਣ ਲਈ ਅਸੀਂ ਕੂਟਨੀਤਕ ਕੋਸ਼ਿਸ਼ ਵਿਚ ਲੱਗੇ ਹਾਂ। ਸਾਡੇ ਫ਼ੌਜੀਆਂ ਦੇ ਹਟਣ ਦੇ ਬਾਅਦ ਵੀ ਅਸੀਂ ਅਫਗਾਨਿਸਤਾਨ ਨਾਲ ਜੁੜੇ ਰਹਾਂਗੇ। ਨਾ ਸਿਰਫ਼ ਸਾਡੇ ਕੋਲ ਇਕ ਮਜ਼ਬੂਤ ਦੂਤਾਵਾਸ ਰਹੇਗਾ, ਸਗੋਂ ਦੇਸ਼ ਦੇ ਆਰਥਿਕ ਵਿਕਾਸ ਅਤੇ ਸੁਰੱਖਿਆ ਵਿਚ ਸਹਿਯੋਗ ਦੇ ਕਈ ਅਹਿਮ ਪ੍ਰੋਗਰਾਮ ਚੱਲਦੇ ਰਹਿਣਗੇ।
ਤਾਲਿਬਾਨ ਦਾ ਕਹਿਣਾ ਹੈ ਕਿ ਉਹ ਅੰਤਰਰਾਸ਼ਟਰੀ ਮਾਨਤਾ ਚਾਹੁੰਦਾ ਹੈ ਤਾਂ ਕਿ ਅਫਗਾਨਿਸਤਾਨ ਨੂੰ ਅੰਤਰਰਾਸ਼ਟਰੀ ਸਹਿਯੋਗ ਮਿਲੇ। ਤਾਲਿਬਾਨ ਚਾਹੁੰਦਾ ਹੈ ਕਿ ਉਸ ਦੇ ਨੇਤਾਵਾਂ ਨੂੰ ਵਿਸ਼ਵ ਵਿਚ ਮੁਕਤ ਆਵਾਜਾਈ ਦੀ ਛੋਟ ਮਿਲੇ ਅਤੇ ਉਨ੍ਹਾਂ ਤੋਂ ਪਾਬੰਦੀ ਹਟਾਈ ਜਾਏ ਪਰ ਦੇਸ਼ ’ਤੇ ਬਲਪੂਰਵਕ ਕਬਜ਼ਾ ਕਰਨਾ ਅਤੇ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਨਾ ਉਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਦਾ ਸਾਹੀ ਤਰੀਕਾ ਨਹੀਂ ਹੈ। ਸਿਰਫ਼ ਇਕ ਹੀ ਤਰੀਕਾ ਹੈ ਕਿ ਗੱਲਬਾਤ ਦੀ ਮੇਜ ’ਤੇ ਸੰਘਰਸ਼ ਦਾ ਸ਼ਾਂਤੀਪੂਰਨ ਹੱਲ ਕੱਢਿਆ ਜਾਏ।