by vikramsehajpal
ਨਵੀਂ ਦਿੱਲੀ (ਦੇਵ ਇੰਦਰਜੀਤ)- ਭਾਰਤ ਸਰਕਾਰ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ 83 ਹਲਕੇ ਲੜਾਕੂ ਜਹਾਜ਼ ਤੇਜਸ ਖ਼ਰੀਦਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਭਾਰਤੀ ਹਵਾਈ ਸੈਨਾ ਲਈ ਇਹ ਜੈੱਟ 49 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਖ਼ਰੀਦੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਸੁਰੱਖਿਆ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਇਹ ਫ਼ੈਸਲਾ ਲਿਆ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਦੱਸਿਆ ਕਿ ਇਹ ਸੌਦਾ ਭਾਰਤੀ ਰੱਖਿਆ ਉਤਪਾਦਨ ਦੇ ਖੇਤਰ ’ਚ ਆਤਮ-ਨਿਰਭਰਤਾ ਲਈ ਇਤਿਹਾਸਕ ਹੋਵੇਗਾ। ਉਨ੍ਹਾਂ ਕਿਹਾ ਕਿ ਘਰੇਲੂ ਪੱਧਰ ’ਤੇ ਤਿਆਰ ਕੀਤੇ ਜਾਣ ਵਾਲੇ ਐੱਲਸੀਏ ਤੇਜਸ ਨਾਲ ਜੁੜੀ ਇਸ ਖ਼ਰੀਦ ’ਤੇ ਲਾਗਤ ਕਰੀਬ 49 ਹਜ਼ਾਰ ਕਰੋੜ ਰੁਪਏ ਆਵੇਗੀ। ਰੱਖਿਆ ਮੰਤਰੀ ਨੇ ਕਿਹਾ ਕਿ ਤੇਜਸ ਭਾਰਤੀ ਹਵਾਈ ਸੈਨਾ ਲਈ ਆਉਂਦੇ ਵਰ੍ਹਿਆਂ ’ਚ ਰੀੜ੍ਹ ਦੀ ਹੱਡੀ ਸਾਬਿਤ ਹੋਣਗੇ।