ਨਾਗਪੁਰ (ਵਿਕਰਮ ਸਹਿਜਪਾਲ) : ਭਾਰਤ ਨੇ ਆਸਟ੍ਰੇਲੀਆ ਨੂੰ ਨਾਗਪੁਰ ਵਿੱਚ ਖੇਡੇ ਗਏ ਦੂਜੇ ਇੱਕ ਰੋਜ਼ਾ ਕ੍ਰਿਕਟ ਮੈਚ 'ਚ 8 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 250 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਆਸਟ੍ਰੇਲੀਆਈ ਟੀਮ 242 ਦੌੜਾਂ ਹੀ ਬਣਾ ਸਕੀ। ਆਸਟ੍ਰੇਲੀਆ ਨੂੰ ਅੰਤਮ ਓਵਰ 'ਚ ਜਿੱਤ ਲਈ 11 ਦੌੜਾਂ ਬਣਾਉਣੀਆਂ ਸਨ। ਵਿਜੈ ਸ਼ੰਕਰ ਨੇ ਪਹਿਲੀ ਗੇਂਦ 'ਤੇ ਮਾਰਕਸ ਸਟੋਨਿਸ ਅਤੇ ਤੀਜੀ ਗੇਂਦ 'ਤੇ ਐਡਮ ਜੰਪਾ ਨੂੰ ਆਊਟ ਕਰ ਕੇ ਟੀਮ ਨੂੰ ਜਿੱਦ ਦਿਵਾਈ। ਭਾਰਤੀ ਟੀਮ ਦੀ 963 ਇੱਕ ਰੋਜ਼ਾ ਮੈਚਾਂ 'ਚ ਇਹ 500ਵੀਂ ਜਿੱਤ ਹੈ। ਆਸਟ੍ਰੇਲੀਅਨ ਟੀਮ ਦੇ ਕਪਤਾਨ ਏਰਾਨ ਫਿੰਚ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਟੀਮ ਇੰਡੀਆ 48.2 ਓਵਰ ਵਿੱਚ 250 'ਤੇ ਆਲ ਆਊਟ ਹੋ ਗਈ।
ਮੈਚ ਦੌਰਾਨ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਸਭ ਤੋਂ ਜ਼ਿਆਦਾ 116 ਦੌੜਾਂ ਬਣਾਈਆਂ। ਇਹ ਉਸ ਦੇ ਕਰੀਅਰ ਦਾ 40ਵਾਂ ਸੈਂਕੜਾ ਸੀ। ਉਸ ਨੇ 120 ਗੇਂਦਾਂ ਦੀ ਪਾਰੀ ਖੇਡੀ। ਇਸ ਪਾਰੀ ਵਿੱਚ ਉਸ ਨੇ 10 ਚੌਕੇ ਲਾਏ। ਵਿਜੈ ਸ਼ੰਕਰ ਨੇ 46 ਦੌੜਾਂ ਦਾ ਯੋਗਦਾਨ ਦਿੱਤਾ। ਆਸਟ੍ਰੇਲੀਆ ਲਈ ਪੈਟ ਕਮਿੰਸ ਨੇ ਚਾਰ ਵਿਕਟਾਂ ਲਈਆਂ। ਇਸ ਸਾਲ ਵਿਰਾਟ ਕੋਹਲੀ ਦਾ ਇਹ ਦੂਜਾ ਵਨਡੇ ਸੈਂਕੜਾ ਹੈ। ਇਸ ਤੋਂ ਪਹਿਲਾਂ ਉਸ ਨੇ 15 ਜਨਵਰੀ ਨੂੰ ਐਡੀਲੇਡ ਵਿੱਚ ਆਸਟ੍ਰੇਲੀਆ ਖਿਲਾਫ 104 ਦੌੜਾਂ ਦੀ ਪਾਰੀ ਖੇਡੀ ਸੀ। ਕੋਹਲੀ ਨੇ ਆਸਟ੍ਰੇਲੀਆ ਖਿਲਾਫ 7ਵੀਂ ਵਾਰ ਸੈਂਕੜੇ ਵਾਲੀ ਪਾਰੀ ਖੇਡੀ। ਆਪਣੇ ਕੁੱਲ 40 ਸੈਂਕੜਿਆਂ ਲਈ ਉਸ ਨੇ 216 ਪਾਰੀਆਂ ਖੇਡੀਆਂ ਜਦਕਿ ਸਚਿਨ ਤੇਂਦੁਲਕਰ 355 ਪਾਰੀਆਂ ਵਿੱਚ ਇਸ ਅੰਕੜੇ ਤਕ ਪਹੁੰਚੇ ਸੀ।