ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਭਾਰਤ ਅਤੇ ਯੂਰਪੀਅਨ ਯੂਨੀਅਨ ਦੇ 15ਵੇਂ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਸ਼ਵ ਸ਼ਾਂਤੀ ਲਈ ਭਾਰਤ ਅਤੇ ਯੂਰਪੀਅਨ ਯੂਨੀਅਨ ਦੀ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ। ਮੋਦੀ ਨੇ ਕਿਹਾ ਕਿ ਸਾਨੂੰ ਮਾਰਚ ਵਿੱਚ ਇਸ ਕਾਨਫਰੰਸ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਰੱਦ ਕਰਨਾ ਪਿਆ ਸੀ, ਪਰ ਇਹ ਚੰਗਾ ਹੈ ਕਿ ਅਸੀਂ ਅੱਜ ਵਰਚੁਅਲ ਮਾਧਿਅਮ ਰਾਹੀਂ ਇਕੱਠੇ ਹੋਣ ਦੇ ਯੋਗ ਹੋ ਪਾਏ ਹਾਂ।
ਇਸ ਕਾਨਫ਼ਰੰਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੌਜੂਦਾ ਚੁਣੌਤੀਆਂ ਤੋਂ ਇਲਾਵਾ ਸਾਡੇ ਕੋਲ ਜਲਵਾਯੂ ਤਬਦੀਲੀ ਵਰਗੀਆਂ ਲੰਮੇ ਸਮੇਂ ਦੀਆਂ ਚੁਣੌਤੀਆਂ ਹਨ ਜੋ ਕਿ ਭਾਰਤ ਅਤੇ ਯੂਰਪੀਅਨ ਯੂਨੀਅਨ ਲਈ ਮਹੱਤਵਪੂਰਨ ਹਨ। ਭਾਰਤ ਵਿੱਚ ਨਵਿਆਉਣਯੋਗ ਊਰਜਾ ਦੀ ਵਰਤੋਂ ਵਧਾਉਣ ਦੇ ਸਾਡੇ ਯਤਨਾਂ ਦੇ ਨਾਲ, ਅਸੀਂ ਇਸ ਖੇਤਰ ਵਿਚ ਯੂਰਪ ਤੋਂ ਨਿਵੇਸ਼ ਅਤੇ ਤਕਨਾਲੋਜੀ ਨੂੰ ਸੱਦਾ ਦਿੰਦੇ ਹਾਂ।
ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਾਲੇ ਸਬੰਧਾਂ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਯੂਰਪੀਅਨ ਯੂਨੀਅਨ ‘ਕੁਦਰਤੀ ਭਾਈਵਾਲ’ ਹਨ। ਸਾਡੀ ਭਾਈਵਾਲੀ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਅੱਜ ਦੇ ਵਿਸ਼ਵਵਿਆਪੀ ਹਾਲਤਾਂ ਨੂੰ ਵੇਖੀਏ ਤਾਂ ਇਹ ਹਕੀਕਤ ਹੋਰ ਸਪੱਸ਼ਟ ਹੋ ਗਈ ਹੈ।