ਦਿੱਲੀ (ਦੇਵ ਇੰਦਰਜੀਤ) : ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਨੂੰ ‘ਕਿਸਾਨ ਮਜ਼ਦੂਰ ਆਜ਼ਾਦੀ ਸੰਗ੍ਰਾਮ ਦਿਵਸ’ ਦੇ ਰੂਪ ’ਚ ਮਨਾਉਣ ਦਾ ਫ਼ੈਸਲਾ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਦੀ ਰਾਸ਼ਟਰੀ ਅਪੀਲ ਤੋਂ ਬਾਅਦ ਦੇਸ਼ ਭਰ ਦੇ ਕਿਸਾਨ ਤਹਿਸੀਲ ਪੱਧਰ ’ਤੇ ਇਸ ਦਿਨ ‘ਤਿਰੰਗਾ ਰੈਲੀਆਂ’ ਕੱਢਣਗੇ। ਹਾਲਾਂਕਿ ਕਿਸਾਨਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਦਿੱਲੀ ’ਚ ਦਾਖ਼ਲ ਨਹੀਂ ਹੋਣਗੇ।
ਆਲ ਇੰਡੀਆ ਕਿਸਾਨ ਸੰਘਰਸ਼ ਕਾਰਡੀਨੇਸ਼ਨ ਕਮੇਟੀ ਦੀ ਕਵਿਤਾ ਕੁਰੂਗੰਤੀ ਨੇ ਕਿਹਾ,‘‘ਸੰਯੁਕਤ ਕਿਸਾਨ ਮੋਰਚਾ ਨੇ 15 ਅਗਸਤ ਨੂੰ ਸਾਰੇ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਦਿਨ ਨੂੰ ਕਿਸਾਨ ਮਜ਼ਦੂਰ ਆਜ਼ਾਦੀ ਸੰਗ੍ਰਾਮ ਦਿਵਸ ਦੇ ਰੂਪ ’ਚ ਮਨਾਇਆ ਜਾਵੇ ਅਤੇ ਇਸ ਦਿਨ ਤਿਰੰਗਾ ਮਾਰਚ ਆਯੋਜਿਤ ਕੀਤੇ ਜਾਣਗੇ।’’ ਉਨ੍ਹਾਂ ਕਿਹਾ,‘‘ਇਸ ਦਿਨ ਕਿਸਾਨ ਅਤੇ ਮਜ਼ਦੂਰ ਤਿਰੰਗਾ ਮਾਰਚ ’ਚ ਟਰੈਕਟਰ, ਮੋਟਰ ਸਾਈਕਲ, ਸਾਈਕਲ ਅਤੇ ਬੈਲ ਗੱਡੀ ਆਦਿ ਲੈ ਕੇ ਨਿਕਲਣਗੇ ਅਤੇ ਬਲਾਕ, ਤਹਿਸੀਲ ਜ਼ਿਲ੍ਹਾ ਹੈੱਡ ਕੁਆਰਟਰ ਵੱਲ ਕੂਚ ਕਰਨਗੇ। ਉਹ ਕੋਲ ਦੇ ਧਰਨਾ ਸਥਾਨਾਂ ’ਤੇ ਵੀ ਜਾ ਸਕਦੇ ਹਨ। ਇਸ ਦੌਰਾਨ ਵਾਹਨਾਂ ’ਤੇ ਤਿਰੰਗੇ ਲੱਗੇ ਹੋਣਗੇ।’’
ਦੇਸ਼ ’ਚ ਦੁਪਹਿਰ 11 ਵਜੇ ਤੋਂ ਦੁਪਹਿਰ ਇਕ ਵਜੇ ਤੱਕ ਰੈਲੀਆਂ ਕੱਢੀਆਂ ਜਾਣਗੀਆਂ। ਦਿੱਲੀ ’ਚ ਵੀ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦਾਂ ’ਤੇ ਤਿਰੰਗਾ ਮਾਰਚ ਕੱਢੇ ਜਾਣਗੇ ਅਤੇ ਪੂਰੇ ਦਿਨ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ,‘‘ਸਿੰਘੂ ’ਤੇ ਕਿਸਾਨ ਪ੍ਰਦਰਸ਼ਨ ਸਥਾਨ ਸਥਿਤ ਮੁੱਖ ਮੰਚ ਤੋਂ ਲੈ ਕੇ ਕਰੀਬ 8 ਕਿਲੋਮੀਟਰ ਦੂਰ ਦੇ ਕੇ.ਐੱਮ.ਪੀ. ਐਕਸਪ੍ਰੈੱਸ ਤੱਕ ਮਾਰਚ ਕੱਢਾਂਗੇ।
’’ ਕਿਸਾਨਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ 15 ਅਗਸਤ ਨੂੰ ਨਿਕਲਣ ਵਾਲੀ ਤਿਰੰਗਾ ਰੈਲੀ ਸ਼ਾਂਤੀਪੂਰਨ ਹੋਵੇਗੀ ਅਤੇ ਦਿੱਲੀ ਤੋਂ ਦੂਰੀ ਰੱਖੀ ਜਾਵੇਗੀ।’’ ਸਿੰਘ ਨੇ ਕਿਹਾ,‘‘26 ਜਨਵਰੀ ਦੇ ਘਟਨਾਕ੍ਰਮ ਨੇ ਸਾਡੇ ਅੰਦੋਲਨ ਨੂੰ ਬਦਨਾਮ ਕੀਤਾ ਸੀ, ਇਸ ਲਈ 15 ਅਗਸਤ ਨੂੰ ਤਿਰੰਗਾ ਮਾਰਚ ਸ਼ਹਿਰ ’ਚ ਨਹੀਂ ਆਉਣਗੇ ਪਰ ਸਾਡਾ ਅੰਦੋਲਨ ਉਦੋਂ ਤੱਕ ਖ਼ਤਮ ਨਹੀਂ ਹੋਵੇਗਾ, ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ।’’