ਪੱਤਰ ਪ੍ਰੇਰਕ : ਟੀਮ ਇੰਡੀਆ ਨੇ ਰਾਏਪੁਰ ਦੇ ਸ਼ਹੀਦ ਵੀਰ ਨਰਾਇਣ ਸਿੰਘ ਇੰਟਰਨੈਸ਼ਨਲ ਸਟੇਡੀਅਮ 'ਚ ਆਸਟਰੇਲੀਆ ਖਿਲਾਫ ਖੇਡੇ ਗਏ ਚੌਥੇ ਟੀ-20 ਮੈਚ ਨੂੰ ਜਿੱਤ ਕੇ ਪੰਜ ਮੈਚਾਂ ਦੀ ਟੀ-20 ਸੀਰੀਜ਼ 'ਚ 3-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਹ ਭਾਰਤ ਦੀ ਆਸਟ੍ਰੇਲੀਆ ਖਿਲਾਫ ਲਗਾਤਾਰ ਤੀਜੀ ਟੀ-20 ਸੀਰੀਜ਼ ਜਿੱਤ ਹੈ। ਪਹਿਲਾਂ ਖੇਡਦਿਆਂ ਟੀਮ ਇੰਡੀਆ ਨੇ ਰਿੰਕੂ ਸਿੰਘ ਦੀਆਂ 46 ਦੌੜਾਂ ਅਤੇ ਜੈਸਵਾਲ ਦੀਆਂ 37 ਦੌੜਾਂ ਦੀ ਬਦੌਲਤ 174 ਦੌੜਾਂ ਬਣਾਈਆਂ ਸਨ। ਇਹ ਸਕੋਰ ਜ਼ਿਆਦਾ ਹੋ ਸਕਦਾ ਸੀ ਪਰ ਭਾਰਤ ਨੇ ਆਖਰੀ 9 ਗੇਂਦਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਜਿਸ ਕਾਰਨ ਟੀਮ ਵੱਡੇ ਸਕੋਰ ਤੱਕ ਨਹੀਂ ਪਹੁੰਚ ਸਕੀ। ਪਰ ਇਹ ਸਕੋਰ ਵੀ ਆਸਟ੍ਰੇਲੀਆ ਲਈ ਬਹੁਤ ਵੱਡਾ ਸਾਬਤ ਹੋਇਆ। ਆਸਟ੍ਰੇਲੀਆ ਲਈ ਟ੍ਰੈਵਿਸ ਹੈੱਡ ਨੇ 31, ਮੈਥਿਊ ਸ਼ਾਰਟ ਨੇ 22 ਅਤੇ ਮੈਥਿਊ ਵੇਡ ਨੇ 22 ਗੇਂਦਾਂ 'ਤੇ 35 ਦੌੜਾਂ ਬਣਾਈਆਂ ਪਰ ਉਹ ਆਪਣੀ ਟੀਮ ਨੂੰ ਜਿੱਤ ਵੱਲ ਨਹੀਂ ਲੈ ਜਾ ਸਕੇ। ਭਾਰਤੀ ਟੀਮ ਨੇ ਇਹ ਮੈਚ 20 ਦੌੜਾਂ ਨਾਲ ਜਿੱਤ ਲਿਆ।
ਹਾਲਾਂਕਿ ਆਸਟ੍ਰੇਲੀਆਈ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਦੀ ਤਰਫੋਂ ਯਸ਼ਸਵੀ ਜੈਸਵਾਲ ਨੇ ਪਹਿਲਾ ਓਵਰ ਮੇਡਨ ਹੋਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ 28 ਗੇਂਦਾਂ 'ਚ 6 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 37 ਦੌੜਾਂ ਬਣਾਈਆਂ ਅਤੇ ਟੀਮ ਇੰਡੀਆ ਨੂੰ ਛੇਵੇਂ ਓਵਰ 'ਚ 50 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ। ਸ਼੍ਰੇਅਸ ਅਈਅਰ ਜਿੱਥੇ 8 ਦੌੜਾਂ ਹੀ ਬਣਾ ਸਕਿਆ, ਉੱਥੇ ਹੀ ਕਪਤਾਨ ਸੂਰਿਆਕੁਮਾਰ ਯਾਦਵ 2 ਗੇਂਦਾਂ 'ਤੇ 1 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਰਿੰਕੂ ਸਿੰਘ ਅਤੇ ਜਿਤੇਸ਼ ਸ਼ਰਮਾ ਨੇ ਟੀਮ ਦੀ ਕਮਾਨ ਸੰਭਾਲੀ ਅਤੇ ਟੀਮ ਨੂੰ 150 ਦੌੜਾਂ ਤੋਂ ਪਾਰ ਕਰ ਦਿੱਤਾ।