ਵੈੱਬ ਡੈਸਕ (ਵਿਕਰਮ ਸਹਿਜਪਾਲ) : ਆਸਟਰੇਲੀਆ ਖਿਲਾਫ ਚੌਥੇ ਵਨ ਡੇ ਮੈਚ ਅੱਜ ਹੈ| ਭਾਰਤ ਸੀਰੀਜ਼ 'ਚ 2-1 ਨਾਲ ਅਗੇ ਹੈ| ਭਾਰਤੀ ਟੀਮ ਜਦੋਂ ਮੈਦਾਨ 'ਤੇ ਉਤਰੇਗੀ ਤਾਂ ਸਾਰਿਆਂ ਦੀਆਂ ਨਜ਼ਰਾਂ ਯੁਵਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 'ਤੇ ਲੱਗੀਆਂ ਹੋਣਗੀਆਂ ਜੋ ਬਿਹਤਰੀਨ ਪ੍ਰਦਰਸ਼ਨ ਕਰਕੇ ਵਿਸ਼ਵ ਕੱਪ ਟੀਮ ਲਈ ਆਪਣਾ ਦਾਅਵਾ ਮਜ਼ਬੂਤ ਕਰਨਾ ਚਾਹੇਗਾ। ਕਪਤਾਨ ਵਿਰਾਟ ਕੋਹਲੀ ਵਿਸ਼ਵ ਕੱਪ ਦੇ ਸਾਰੇ ਸੰਭਾਵੀ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੁੰਦੇ ਹਨ ਇਸੇ ਦੇ ਚਲਦੇ ਟੀਮ ਮੈਨੇਜਮੈਂਟ ਬਾਕੀ ਦੋ ਮੈਚਾਂ 'ਚ ਉਨ੍ਹਾਂ ਨੂੰ ਉਤਾਰ ਸਕਦਾ ਹੈ।
ਦੱਸ ਦਈਏ ਕਿ ਮਹਿੰਦਰ ਸਿੰਘ ਧੋਨੀ ਨੇ ਰਾਂਚੀ 'ਚ ਆਪਣਾ ਆਖਰੀ ਕੌਮਾਂਤਰੀ ਮੈਚ ਖੇਡਿਆ। ਧੋਨੀ ਨੂੰ ਚੌਥੇ ਅਤੇ ਪੰਜਵੇਂ ਵਨ ਡੇ ਮੈਚਾਂ 'ਚ ਆਰਾਮ ਦਿੱਤਾ ਗਿਆ ਹੈ ਅਤੇ ਹੁਣ ਪੰਤ ਨੂੰ ਇੰਗਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ ਦੇ ਲਈ ਦਾਅਵੇਦਾਰੀ ਪੇਸ਼ ਕਰਨ ਦਾ ਮੌਕਾ ਮਿਲਿਆ ਹੈ। ਇਸ ਤੋਂ ਪਹਿਲਾਂ ਪੰਤ ਬੱਲੇਬਾਜ਼ ਦੇ ਰੂਪ 'ਚ ਖੇਡ ਚੁੱਕੇ ਹਨ ਪਰ ਹੁਣ ਧੋਨੀ ਨੂੰ ਆਰਾਮ ਦਿੱਤੇ ਜਾਣ ਦੇ ਬਾਅਦ ਉਨ੍ਹਾਂ ਨੂੰ ਵਿਕਟਕੀਪਿੰਗ ਦਾ ਮੌਕਾ ਮਿਲੇਗਾ।
ਭਾਰਤੀ ਧਿਰ ਦੀ ਚਿੰਤਾ ਟਾਪ ਆਰਡਰ ਦਾ ਪ੍ਰਦਰਸ਼ਨ ਹੈ ਕਿਉਂਕਿ ਕੋਹਲੀ ਨੂੰ ਛੱਡ ਕੋਈ ਵੀ ਬੱਲੇਬਾਜ਼ ਨਹੀਂ ਚਲ ਸਕਿਆ। ਕੋਹਲੀ ਨੇ ਤਿੰਨ ਮੈਚਾਂ 'ਚ 2 ਸੈਂਕੜੇ ਸਮੇਤ 283 ਦੌੜਾਂ ਬਣਾਈਆਂ। ਦੂਜੇ ਨੰਬਰ 'ਤੇ ਕੇਦਾਰ ਜਾਧਵ ਹੈ ਜਿਸ ਦੇ ਖਾਤੇ 'ਚ 118 ਦੌੜਾਂ ਹਨ। ਰੋਹਿਤ ਸ਼ਰਮਾ ਤਿੰਨ ਪਾਰੀਆਂ 'ਚ 51 ਦੌੜਾਂ ਹੀ ਬਣਾ ਸਕੇ ਜਦਕਿ ਚੌਥੇ ਨੰਬਰ 'ਤੇ ਅੰਬਾਤੀ ਰਾਇਡੂ ਨੇ 33 ਦੌੜਾਂ ਬਣਾਈਆਂ। ਸ਼ਿਖਰ ਧਵਨ ਨੇ ਤਿੰਨ ਮੈਚਾਂ 'ਚ 22 ਦੌੜਾਂ ਹੀ ਜੋੜੀਆਂ ਹਨ। ਧਵਨ ਅਤੇ ਰਾਇਡੂ ਦੀ ਫਾਰਮ ਚਿੰਤਾ ਦਾ ਸਬੱਬ ਹੈ। ਹਾਲਾਂਕਿ ਦੋਹਾਂ ਦ ਵਿਸ਼ਵ ਕੱਪ ਖੇਡਣਾ ਲਗਭਗ ਤੈਅ ਹੈ।