30 ਜੂਨ ਤਕ ਲਈ ਵਧੀ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਦੀ ਰੋਕ

by vikramsehajpal

ਦਿੱਲੀ (ਦੇਵ ਇੰਦਰਜੀਤ) : ਦੇਸ਼ 'ਚ ਕੋਰੋਨਾ ਮਹਾਮਾਰੀ ਦੇ ਚੱਲਦਿਆਂ 23 ਮਾਰਚ 2020 ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੱਅਤਲ ਕਰ ਦਿੱਤਾ ਗਿਆ ਸੀ। ਹਾਲਾਂਕਿ ਬਾਅਦ 'ਚ ਮਈ 2020 ਤੋਂ ਵੰਦੇ ਭਾਰਤ ਮੁਹਿੰਮ ਤੇ ਜੁਲਾਈ 2020 ਤੋਂ ਚੁਣੇ ਹੋਏ ਦੇਸ਼ਾਂ ਵਿਚਕਾਰ ਦੁਵੱਲੀ ਏਅਰ ਬਬਲ ਵਿਵਸਥਾ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਸੰਚਾਲਿਤ ਹੁੰਦੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਨੇ ਅਮਰੀਕਾ, ਸੰਯੁਕਤ ਅਰਬ ਅਮੀਰਾਤ, ਕੇਨਿਆ, ਭੂਟਾਨ ਤੇ ਫਰਾਂਸ ਸਮੇਤ 27 ਦੇਸ਼ਾਂ ਨਾਲ ਏਅਰ ਬਬਲ ਸਮਝੌਤੇ ਕੀਤੇ ਹਨ।

ਏਅਰ ਬਬਲ ਸਮਝੌਤੇ ਤਹਿਤ ਦੋ ਦੇਸ਼ਾਂ ਵਿਚਕਾਰ ਵਿਸ਼ੇਸ਼ ਅੰਤਰਰਾਸ਼ਟਰੀ ਜਹਾਜ਼ ਆਪਣੇ ਖੇਤਰਾਂ ਵਿਚਕਾਰ ਉਡਾਣਾਂ ਭਰ ਸਕਦੇ ਹਨ। ਹਾਲਾਂਕਿ ਡੀਜੀਸੀਏ ਨੇ ਸ਼ੁੱਕਰਵਾਰ ਨੂੰ ਆਪਣੇ ਅਧਿਕਾਰਤ ਬਿਆਨ 'ਚ ਇਹ ਵੀ ਕਿਹਾ ਕਿ ਮੁੱਅਤਲ ਦਾ ਅਸਰ ਅੰਤਰਰਾਸ਼ਟਰੀ ਮਾਲਵਾਹਕ ਮੁਹਿੰਮਾਂ ਤੇ ਉਸ ਵੱਲੋਂ ਮਨਜ਼ੂਰੀ ਪ੍ਰਾਪਤ ਉਡਾਣਾਂ 'ਤੇ ਨਹੀਂ ਪਵੇਗਾ।

ਕੋਰੋਨਾ ਸੰਕਟ ਦੇ ਚੱਲਦਿਆਂ ਅੰਤਰਰਾਸ਼ਟਰੀ ਯਾਤਰੀ ਉਡਾਣਾਂ 'ਤੇ ਲਾਈ ਗਈ ਰੋਕ ਨੂੰ 30 ਜੂਨ ਤਕ ਵਧਾ ਦਿੱਤਾ ਗਿਆ ਹੈ। ਹਵਾਬਾਜ਼ੀ ਰੈਗੂਲੇਟਰ DGCA ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਯਾਨੀ ਡੀਜੀਸੀਏ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ ਕਿ ਸਮਰੱਥ ਅਧਿਕਾਰ ਹਰ ਮਾਮਲੇ 'ਤੇ ਗੌਰ ਕਰਦਿਆਂ ਚੋਣ ਮਾਰਗਾਂ 'ਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਇਜਾਜ਼ਤ ਦੇ ਸਕਦੇ ਹਨ।