4 ਅਗਸਤ, ਨਿਊਜ਼ ਡੈਸਕ (ਸਿਮਰਨ) : ਪੰਜਾਬੀ ਅਤੇ ਹਿੰਦੀ ਫਿਲਮਾਂ ਦੀ ਨਾਮਵਰ ਅਦਾਕਾਰਾ ਉਪਾਸਨਾ ਸਿੰਘ ਨੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ 'ਚ ਮਿਸ ਯੂਨੀਵਰਸ 2021 ਹਰਨਾਜ ਕੌਰ ਸੰਧੂ ਖ਼ਿਲਾਫ਼ ਇਕ ਪਟੀਸ਼ਨ ਦਾਇਰ ਕੀਤੀ ਹੈ। ਉਪਾਸਨਾ ਸਿੰਘ ਨੇ ਆਪਣੇ ਵਕੀਲ ਕਰਨ ਸੱਚਦੇਵਾ ਅਤੇ ਇਰਵਿਨਨੀਤ ਕੌਰ ਜ਼ਰੀਏ ਸਿਵਲ ਅਦਾਲਤ ਵਿੱਚ ਪਟੀਸ਼ਨ ਪਾਈ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਹਰਨਾਜ ਕੌਰ ਸੰਧੂ ਉਹਨਾਂ ਦੀ 19 ਅਗਸਤ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ “ਬਾਈ ਜੀ ਕੁੱਟਣਗੇ" ਦੀ ਅਦਾਕਾਰ ਹੈ ।
ਮਿਸ ਯੂਨੀਵਰਸ ਬਣਨ ਤੋਂ ਬਾਅਦ ਹੁਣ ਉਹ ਇਸ ਫ਼ਿਲਮ ਦੇ ਪ੍ਰਚਾਰ ਵਿੱਚ ਕਿਸੇ ਤਰਾਂ ਦਾ ਕੋਈ ਸਹਿਯੋਗ ਨਹੀਂ ਕਰ ਰਹੀ ਅਤੇ ਨਾ ਹੀ ਲਿਖਤੀ ਕਾਨੂੰਨੀ ਵਾਅਦੇ ਮੁਤਾਬਕ ਫ਼ਿਲਮ ਦੀ ਪ੍ਰੋਮੋਸ਼ਨ ਲਈ ਵਕਤ ਦੇ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਹਰਨਾਜ ਕੌਰ ਸੰਧੂ ਦਾ ਇਸ ਫ਼ਿਲਮ ਨੂੰ ਬਣਾਉਣ ਵਾਲੀ ਕੰਪਨੀ “ਸੰਤੋਸ਼ ਇੰਟਰਟੇਨਮੈਂਟ ਸਟੂਡੀਓ'' ਨਾਲ ਬਾਕਾਇਦਾ ਕਾਨੂੰਨੀ ਐਗਰੀਮੈਂਟ ਹੋਇਆ ਸੀ , ਜਿਸ ਮੁਤਾਬਕ ਹਰਨਾਜ ਸੰਧੂ ਨੇ ਫ਼ਿਲਮ ਦੇ ਪ੍ਰੋਮੋਸ਼ਨ ਪਲੈਨ ਮੁਤਾਬਕ ਕੁਝ ਦਿਨ ਫ਼ਿਲਮ ਦੀ ਪ੍ਰੋਮੋਸ਼ਨ ਐਕਟੀਵਿਟੀ ਲਈ ਦੇਣੇ ਸਨ । ਹੁਣ ਉਹ ਇਸ ਫ਼ਿਲਮ ਤੋਂ ਬਿਲਕੁਲ ਕਿਨਾਰਾ ਕਰ ਰਹੀ ਹੈ ।
ਉਪਾਸਨਾ ਸਿੰਘ ਨੇ ਕਿਹਾ ਕਿ ਉਹ ਹਰਨਾਜ ਕੌਰ ਸੰਧੂ ਨੂੰ ਫ਼ਿਲਮ ਦੀ ਪ੍ਰੋਮੋਸ਼ਨ ਲਈ ਕਈ ਵਾਰ ਈਮੇਲ ਵੀ ਕਰ ਚੁੱਕੇ ਹਨ ਅਤੇ ਫ਼ੋਨ ਵੀ ਪਰ ਉਹ ਨਾ ਤਾਂ ਫ਼ੋਨ ‘ਤੇ ਗੱਲ ਕਰ ਰਹੀ ਹੈ ਤੇ ਨਾ ਹੀ ਕਿਸੇ ਈਮੇਲ ਦਾ ਜਵਾਬ ਦੇ ਰਹੀ ਹੈ। ਫ਼ਿਲਮ ਦੇ ਨਿਰਦੇਸ਼ਕ ਸਮੀਪਕੰਗ ਵੀ ਕਈ ਵਾਰ ਮਿਸ ਸੰਧੂ ਨੂੰ ਫ਼ੋਨ ਕਰ ਚੁੱਕੇ ਹਨ ਪਰ ਉਹ ਫ਼ਿਲਮ ਦੀ ਟੀਮ ਦੇ ਕਿਸੇ ਮੈਂਬਰ ਦਾ ਫ਼ੋਨ ਅਟੈਂਡ ਨਹੀਂ ਕਰ ਰਹੀ।
ਉਨ੍ਹਾਂ ਕਿਹਾ ਕਿ ਹਰਨਾਜ਼ ਦਾ ਇਹ ਵਤੀਰਾ ਬੇਹੱਦ ਬੁਰਾ ਹੈ। ਮਿਸ਼ ਸੰਧੂ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਉਸਨੇ ਹੁਣ ਤੱਕ ਆਪਣੇ ਸ਼ੋਸ਼ਲ ਮੀਡੀਆ 'ਤੇ ਫ਼ਿਲਮ ਸੰਬੰਧੀ ਇਕ ਵੀ ਪੋਸਟ ਸਾਂਝੀ ਨਹੀਂ ਕੀਤੀ। ਜਿਸ ਤੋਂ ਇੰਜ ਲੱਗ ਰਿਹਾ ਹੈ ਕਿ ਉਹ ਕਿਸੇ ਪੰਜਾਬੀ ਫ਼ਿਲਮ ਦਾ ਹਿੱਸਾ ਬਣਨ ‘ਤੇ ਸ਼ਰਮ ਤੇ ਛੋਟਾ ਮਹਿਸੂਸ ਕਰ ਰਹੀ ਹੈ। ਹਰਨਾਜ ਕੌਰ ਸੰਧੂ ਨੇ ਫ਼ਿਲਮ ਦੀ ਸਾਰੀ ਟੀਮ ਨੂੰ ਠੇਸ ਪਹੁੰਚਾਈ ਹੈ, ਉਨ੍ਹਾਂ ਇਹ ਵੀ ਕਿਹਾ ਕਿ ਮਿਸ ਯੂਨੀਵਰਸ ਬਣਨ ਤੋਂ ਪਹਿਲਾਂ ਹਰਨਾਜ਼ ਨੇ ਇਹ ਫਿਲਮ ਸਾਈਨ ਕੀਤੀ ਸੀ।