ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਬੱਚਿਆਂ ਨੂੰ ਨਿਸ਼ਾਨੇ 'ਤੇ ਲੈ ਕੇ ਬਣਾਏ ਜਾਣ ਵਾਲੇ ਵੀਡੀਓ ਦੇ ਮਾਮਲੇ 'ਚ ਅਮਰੀਕਾ ਦੇ ਫੈਡਰਲ ਟ੍ਰੇਡ ਕਮਿਸ਼ਨ (ਐੱਫ.ਟੀ.ਸੀ.) ਨੇ ਯੂਟਿਊਬ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਹੈ। ਇਸ ਜਾਂਚ ਦੀ ਜਾਣਕਾਰੀ ਰੱਖਣ ਵਾਲੇ ਦੋ ਲੋਕਾਂ ਨੇ ਦੱਸਿਆ ਕਿ ਜਾਂਚ ਅਹਿਮ ਪੜਾਅ 'ਚ ਹੈ। ਜੇਕਰ ਯੂਟਿਊਬ ਨੂੰ ਨਿਯਮਾਂ ਨੂੰ ਤੋੜਨ ਦਾ ਦੋਸ਼ੀ ਪਾਇਆ ਗਿਆ ਤਾਂ ਉਸ 'ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਹ ਜਾਂਚ ਮਾਪਿਆਂ ਤੇ ਖ਼ਪਤਕਾਰ ਸਮੂਹਾਂ ਦੀ ਉਸ ਸ਼ਿਕਾਇਤ ਤੋਂ ਬਾਅਦ ਸ਼ੁਰੂ ਹੋਈ ਹੈ, ਜਿਸ 'ਚ ਯੂਟਿਊਬ 'ਤੇ ਬੱਚਿਆਂ ਨਾਲ ਜੁੜੀ ਜਾਣਕਾਰੀ ਤੇ ਡਾਟਾ ਇਕੱਤਰ ਕਰ ਕੇ ਉਨ੍ਹਾਂ ਨੂੰ ਨੁਕਸਾਨਦਾਇਕ ਤੇ ਗ਼ਲਤ ਸਮੱਗਰੀ ਮੁਹੱਈਆ ਕਰਵਾਉਣ ਦੇ ਦੋਸ਼ ਲਗਾਏ ਗਏ ਹਨ।
ਖ਼ਪਤਕਾਰ ਸਮੂਹਾਂ ਨੇ ਆਪਣੀ ਸ਼ਿਕਾਇਤ 'ਚ ਇਹ ਵੀ ਕਿਹਾ ਕਿ ਯੂਟਿਊਬ ਨੇ ਬੱਚਿਆਂ ਨੂੰ ਗ਼ਲਤ ਤੇ ਬਾਲਗ ਸਮੱਗਰੀ ਖੋਜਣ ਦੀ ਇਜਾਜ਼ਤ ਦਿੱਤੀ। ਬੱਚਿਆਂ ਦੇ ਸਰਚ ਇੰਜਣ 'ਚ ਗ਼ਲਤ ਸੂਚਨਾ ਤੇ ਨਾਜਾਇਜ਼ ਸਮੱਗਰੀ ਵਿਖਾਈ ਗਈ। ਯੂਟਿਊਬ ਦੀ ਮੁੱਖ ਸਾਈਟ ਤੇ ਐਪ 13 ਸਾਲ ਜਾਂ ਉਸ ਤੋਂ ਵੱਧ ਉਮਰ ਵਰਗ ਦੇ ਯੂਜ਼ਰਾਂ ਲਈ ਹੈ, ਜਦਕਿ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਯੂਟਿਊਬ ਕਿਡਸ ਐਪ ਹੈ, ਜੋ ਸਮੱਗਰੀ ਨੂੰ ਫਿਲਟਰ ਕਰ ਕੇ ਉਨ੍ਹਾਂ ਤਕ ਪਹੁੰਚਾਉਂਦੀ ਹੈ। ਬੱਚਿਆਂ ਲਈ ਇਸ ਐਪ ਨੂੰ ਮਾਪਿਆਂ ਦੀ ਇਜਾਜ਼ਤ ਨਾਲ ਚਲਾਇਆ ਜਾਂਦਾ ਹੈ ਤੇ ਇਸ 'ਚ ਯੂਟਿਊਬ ਬੱਚਿਆਂ ਦੀਆਂ ਜਾਣਕਾਰੀਆਂ ਇਕੱਤਰ ਕਰਦਾ ਹੈ ਤਾਂਕਿ ਉਨ੍ਹਾਂ ਨੂੰ ਕਾਰਟੂਨ, ਨਰਸਰੀ ਰਾਈਮਜ਼ ਆਦਿ ਵਿਖਾ ਸਕੇ। ਹੁਣ ਮਾਪਿਆਂ ਨੇ ਯੂਟਿਊਬ 'ਤੇ ਬੱਚਿਆਂ ਦੀਆਂ ਨਿੱਜੀ ਜਾਣਕਾਰੀਆਂ ਇਕੱਤਰ ਕਰਨ ਦਾ ਦੋਸ਼ ਲਗਾਇਆ ਹੈ। ਐਪ 'ਤੇ ਫਿਲਟਰ ਤੋਂ ਬਾਅਦ ਵੀ ਬੱਚਿਆਂ ਨੂੰ ਨਾਜਾਇਜ਼ ਵੀਡੀਓ ਮੁਹੱਈਆ ਰਹੇ ਰਹੇ ਹਨ।