ਫਿਰੋਜ਼ਪੁਰ : ਅਪ੍ਰੈਲ ਦੇ ਆਖਰੀ ਹਫਤੇ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਨਾਢੂ ਖਾਂ' ਪਰਦੇ 'ਤੇ ਆਉਣ ਤੋਂ ਪਹਿਲਾਂ ਵਿਵਾਦਾਂ 'ਚ ਆ ਗਈ ਹੈ। ਫਿਲਮ ਵਿਚਲੇ ਇਕ ਉਦਾਸ ਗੀਤ 'ਤੇ ਆਪਣਾ ਦਾਅਵਾ ਕਰਦਿਆਂ ਪ੍ਰਸਿੱਧ ਗੀਤਕਾਰ ਗੁਰਨਾਮ ਸਿੱਧੂ ਉਰਫ ਗਾਮਾ ਸਿੱਧੂ ਨੇ ਆਖਿਆ ਕਿ ਇਹ ਗੀਤ ਉਨ੍ਹਾਂ ਦੀ ਮੌਲਿਕ ਰਚਨਾ ਹੈ, ਜਿਸ ਸਬੰਧੀ ਉਹ ਆਪਣਾ ਹੱਕ ਲੈਣ ਲਈ ਅਦਾਲਤ ਦਾ ਦਰਵਾਜ਼ਾ ਖੜਕਾ ਰਹੇ ਹਨ।ਬੁੱਧਵਾਰ ਨੂੰ ਪ੍ਰੈੱਸ ਕਲੱਬ ਫਿਰੋਜ਼ਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਤੋਂ ਸਟੇਟ ਐਵਾਰਡ, ਭਾਰਤ ਦੇ ਰਾਸ਼ਟਰਪਤੀ ਤੋਂ ਨੈਸ਼ਨਲ ਯੂਥ ਐਵਾਰਡ ਜੇਤੂ, ਅਦਾਕਾਰ, ਕਾਮੇਡੀਅਨ, ਪੱਤਰਕਾਰ, ਐਂਕਰ (ਦੇਸੀ ਪੰਜਾਬ ਫੇਮ) ਗੀਤਕਾਰ ਗੁਰਨਾਮ ਸਿੱਧੂ ਨੇ ਦੱਸਿਆ ਕਿ ਪੰਜਾਬੀ ਦੀ ਆ ਰਹੀ ਇਕ ਚਰਚਿਤ ਮੂਵੀ ਵਿਚ ਉਨ੍ਹਾਂ ਦਾ ਲਿਖਿਆ ਗੀਤ, ਬਿਨਾਂ ਇਜਾਜ਼ਤ ਤੋਂ ਪਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਫਿਲਮ ਨਿਰਮਾਤਾਵਾਂ ਨੂੰ ਮਨ੍ਹਾ ਕਰ ਦਿੱਤਾ ਸੀ, ਪਰ ਬਾਵਜੂਦ ਇਸ ਦੇ ਨਿਰਮਾਤਾ ਗੀਤ ਪਾਉਣ ਲਈ ਬਜਿੱਦ ਹਨ।ਗਾਮਾ ਸਿੱਧੂ ਨੇ ਦੱਸਿਆ ਕਿ ਪਹਿਲਾਂ ਤਾਂ ਗੀਤ ਵਿਚੋਂ ਉਸ ਦਾ ਨਾਂ ਤਕ ਕੱਟ ਦਿੱਤਾ ਗਿਆ। ਹੁਣ ਵਾਰ-ਵਾਰ ਬੇਨਤੀ ਕਰਨ 'ਤੇ ਵੀ ਉਸ ਦਾ ਗੀਤ ਫਿਲਮ ਵਿਚੋਂ ਨਹੀਂ ਕੱਢਿਆ ਜਾ ਰਿਹਾ। ਗਾਮਾ ਸਿੱਧੂ ਨੇ ਕਿਹਾ ਕਿ ਉਹ 'ਸਕਰੀਨ ਰਾਈਟਰ ਐਸੋਸੀਏਸ਼ਨ ਮੁੰਬਈ' ਦੇ ਮੈਂਬਰ ਹਨ ਅਤੇ ਉਨ੍ਹਾਂ ਉਕਤ ਗੀਤ 30 ਨਵੰਬਰ 2018 ਨੂੰ ਰਜਿਟਰਡ ਕਰਵਾ ਹੋਇਆ ਹੈ ਪਰ ਫਿਲਮ ਨਿਰਮਾਤਾਵਾਂ ਨੇ ਉਸ ਦੇ ਇਸ ਗੀਤ ਨੂੰ ਫਿਲਮ ਵਿਚ ਵੀ ਇੰਨ-ਬਿੰਨ ਹੀ ਪਾ ਦਿੱਤਾ।
ਇਸ ਮੌਕੇ ਹਾਈ ਕੋਰਟ ਦੇ ਵਕੀਲ ਮਨਜਿੰਦਰ ਸਿੰਘ ਭੁੱਲਰ, ਗੁਰਸਾਬ ਸਿੰਘ ਮੱਲ ਨਾਲ ਪ੍ਰੈਸ ਕਲੱਬ ਪੁੱਜੇ। ਗਾਮਾ ਸਿੱਧੂ ਨੇ ਕਿਹਾ ਕਿ ਵਾਰ ਵਾਰ ਬੇਨਤੀ ਕਰਨ 'ਤੇ ਵੀ ਫਿਲਮ ਨਿਰਮਾਤਾਵਾਂ ਨੇ ਉਸ ਦੇ ਗੀਤ ਦਾ ਪੋਸਟਰ ਜਾਰੀ ਕਰ ਦਿੱਤਾ। ਗੁਰਨਾਮ ਸਿੱਧੂ ਨੇ ਦੱਸਿਆ ਕਿ ਉਹ ਆਪਣਾ ਹੱਕ ਲੈਣ ਲਈ ਹੁਣ 'ਰਾਈਟਰਸ ਐਸੋਸੀਏਸ਼ਨ ਮੁੰਬਈ', ਭਾਰਤੀ ਫਿਲਮ ਸੈਂਸਰ ਬੋਰਡ ਅਤੇ ਮਾਨਯੋਗ ਅਦਾਲਤ ਵਿਚ ਜਾਣਗੇ। ਇਸ ਮੌਕੇ ਗੁਰਨਾਮ ਸਿੱਧੂ ਨਾਲ ਵਕੀਲ ਗੁਰਸਾਹਬ ਮੱਲ ਵਕੀਲ ਮਨਜਿੰਦਰ ਭੁੱਲਰ ਹਾਈ ਕੋਰਟ ਅਮਰੀਕ ਮੁਦਕਾ, ਰਾਜਵਿੰਦਰ ਸਿੰਘ, ਜਰਨੈਲ ਸਿੰਘ ਵਿਰਕ, ਗੀਤਕਾਰ ਸਿੱਧੂ ਸਰਬਜੀਤ, ਰਜਿੰਦਰ ਵਿਜੇ, ਸ਼ਮਸ਼ੇਰ ਸ਼ੰਮਾ, ਫਿਲਮ ਪ੍ਰੋਡਿਊਸਰ ਸਿਮਰਜੀਤ ਸੰਧੂ ਆਦਿ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਸਥਾਨਕ ਕਾਲਜ ਵਿਚ ਪ੍ਰੋਫੈਸਰ ਰਹੇ ਗੀਤਕਾਰ ਗੁਰਨਾਮ ਸਿੱਧੂ ਵੱਲੋਂ ਲਿਖੇ ਗੀਤ ਮਸ਼ਹੂਰ ਗਾਇਕ ਸਤਿੰਦਰ ਸਰਤਾਜ, ਕੁਲਵਿੰਦਰ ਬਿੱਲਾ, ਐਮੀ ਵਿਰਕ, ਮਿਸ ਪੂਜਾ, ਧਰਮਵੀਰ ਥਾਂਦੀ, ਦੀਪਕ ਹੰਸ, ਜੱਗੀ ਸਿੱਧੂ ਵਰਗੇ ਨਾਮੀ ਗਾਇਕ ਗਾ ਚੁੱਕੇ ਹਨ। ਇਸ ਤੋਂ ਇਲਾਵਾ ਗੁਰਨਾਮ ਸਿੱਧੂ ਫਿਲਮ ਅਤੇ ਟੀਵੀ ਵਿਚ ਬਤੌਰ ਅਦਾਕਾਰ, ਕਾਮੇਡੀਅਨ, ਐਂਕਰ (ਦੇਸੀ ਪੰਜਾਬ ਫੇਮ) ਵੀ ਭੂਮਿਕਾ ਨਿਭਾਉਂਦੇ ਆ ਰਹੇ ਹਨ।