ਦਿੱਲੀ (ਦੇਵ ਇੰਦਰਜੀਤ) : ਭਾਰਤ ਵਿਚ ਕੋਰੋਨਾ ਵਾਇਰਸ ਕੋਵਿਡ-19 ਦੇ ਰੋਜ਼ਾਨਾ ਦੇ ਮਾਮਲਿਆਂ ’ਚ ਮਾਮੂਲੀ ਗਿਰਾਵਟ ਰਹੀ ਪਰ ਇਸ ਨਾਲ ਹੋਣ ਵਾਲੀਆਂ ਮੌਤਾਂ ਦਿਲ ’ਚ ਦਹਿਸ਼ਤ ਪੈਦਾ ਕਰ ਰਹੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਇਸ ਜਾਨਲੇਵਾ ਮਹਾਮਾਰੀ ਕਾਰਨ 1206 ਲੋਕਾਂ ਦੀ ਜਾਨ ਚਲੀ ਗਈ, ਜਿਸ ਨਾਲ ਮੌਤਾਂ ਦਾ ਅੰਕੜਾ ਵੱਧ ਕੇ 4 ਲੱਖ 7 ਹਜ਼ਾਰ 145 ਹੋ ਗਿਆ ਹੈ।
ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ਨੀਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 42,766 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦਾ ਅੰਕੜਾ ਵੱਧ ਕੇ 3 ਕਰੋੜ 7 ਲੱਖ 95 ਹਜ਼ਾਰ 716 ਹੋ ਗਿਆ ਹੈ। ਇਸ ਦੌਰਾਨ 44 ਹਜ਼ਾਰ 254 ਮਰੀਜ਼ਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਇਸ ਮਹਾਮਾਰੀ ਨੂੰ ਮਾਤ ਦੇਣ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 2 ਕਰੋੜ 99 ਲੱਖ 32 ਹਜ਼ਾਰ 538 ਹੋ ਗਈ ਹੈ।
ਦੇਸ਼ ’ਚ ਸਰਗਰਮ ਮਾਮਲਿਆਂ ਦੀ ਗਿਣਤੀ 4,55,033 ਹੈ। ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਦਰ ਘੱਟ ਹੋ ਕੇ 1.48 ਫ਼ੀਸਦੀ, ਰਿਕਵਰੀ ਦਰ ਵੱਧ ਕੇ 97.20 ਫ਼ੀਸਦੀ ਅਤੇ ਮੌਤ ਦਰ 1.32 ਹੋ ਗਈ ਹੈ। ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਵਿਚ ਹੁਣ ਤੱਕ 37.20 ਕਰੋੜ ਲੋਕਾਂ ਦਾ ਕੋਰੋਨਾ ਟੀਕਾਕਰਨ ਹੋ ਚੁੱਕਾ ਹੈ। ਬੀਤੇ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ 30 ਲੱਖ 55 ਹਜ਼ਾਰ 802 ਲੋਕਾਂ ਨੂੰ ਕੋਰੋਨਾ ਟੀਕੇ ਲਾਏ ਗਏ।
ਭਾਰਤ ਵਿਚ ਕੁੱਲ ਕੋਰੋਨਾ ਵਾਇਰਸ ਲਈ 19,55,225 ਨਮੂਨੇ ਟੈਸਟ ਕੀਤੇ ਗਏ ਗਨ। ਕੁੱਲ ਤੱਕ ਕੁੱਲ 42,90,41,970 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਭਾਰਤੀ ਮੈਡੀਕਲ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਨੇ ਦਿੱਤੀ। ਭਾਵੇਂ ਹੀ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਜੂਨ ’ਚ ਵੱਖ-ਵੱਖ ਸੂਬਿਆਂ ਵਿਚ ਕੋਰੋਨਾ ਪਾਬੰਦੀਆਂ ’ਚ ਢਿੱਲ ਦਿੱਤੀ ਗਈ ਹੈ ਪਰ ਖ਼ਤਰਾ ਅਜੇ ਟਲਿਆ ਨਹੀਂ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।