ਮਮਦੋਟ (ਹਰਮੀਤ) : ਫਰੂਟ ਅਤੇ ਵੈਜੀਟੇਬਲ ਦੀ ਕੋਆਪਰੇਟਿਵ ਸੁਸਾਇਟੀ ਦੀ ਆੜ ’ਚ ਵੱਖ-ਵੱਖ ਕੰਪਨੀਆਂ ਦੀ ਖਾਦ ਵੇਚਣ ਦਾ ਇਕ ਸਨਸਨੀਖੇਜ ਮਾਮਲਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਸਾਹਮਣੇ ਆਇਆ ਹੈ। ਇਸ ਸਬੰਧੀ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਵਿਜੀਲੈਂਸ ਵਿਭਾਗ ਨੇ ਕੋਆਪਰੇਟਿਵ ਸੁਸਾਇਟੀ ਦੇ 22 ਮੈਂਬਰਾਂ ਅਤੇ ਚਾਰ ਵੱਡੀਆਂ ਖਾਦ ਕੰਪਨੀਆਂ ਨੂੰ ਪਰਵਾਨੇ ਭੇਜ ਕੇ ਸ਼ਾਮਿਲ ਤਫਤੀਸ਼ ਹੋਣ ਲਈ ਆਖਿਆ ਹੈ। ਕੋਆਪਰੇਟਿਵ ਸੁਸਾਇਟੀ ਦੇ ਮੈਂਬਰਾਂ ’ਤੇ ਦੋਸ਼ ਹੈ ਕਿ ਪਿਛਲੇ 13 ਸਾਲਾਂ ਤੋਂ ਉਹ ਗਲਤ ਢੰਗ ਨਾਲ ਖਾਦ ਵੇਚ ਕੇ ਲੱਖਾਂ ਰੁਪਏ ਦੀ ਸਬਸਿਡੀ ਖਾ ਰਹੇ ਸਨ। ਸ਼ਿਕਾਇਤਕਰਤਾ ਮੋਹਨ ਲਾਲ ਧਵਨ ਵਾਸੀ ਫਿਰੋਜ਼ਪੁਰ ਨੇ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮਮਦੋਟ ਬਲਾਕ ਵਿੱਚ ਸਾਲ 2010 ਵਿੱਚ ਕੁਝ ਵਿਅਕਤੀਆਂ ਵੱਲੋਂ ਫੂਡ ਐਂਡ ਵੈਜੀਟੇਬਲ ਪ੍ਰੋਡਕਸ਼ਨ ਕਮ ਮਾਰਕੀਟਿੰਗ ਸੁਸਾਇਟੀ ਬਣਾਈ ਸੀ।
ਧਵਨ ਨੇ ਦੋਸ਼ ਲਾਇਆ ਕਿ ਉਕਤ ਫਰਮ ਦੇ ਮੈਂਬਰਾਂ ਨੇ ਖੇਤੀਬਾੜੀ ਵਿਭਾਗ ਦੀ ਮਿਲੀਭੁਗਤ ਨਾਲ ਨਿਯਮਾਂ ਦੇ ਵਿਰੁੱਧ ਜਾ ਕੇ ਖਾਦ ਵੇਚਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਖਾਦਾਂ ’ਤੇ ਸਬਸਿਡੀ ਦਿੱਤੀ ਜਾਂਦੀ ਹੈ ਪਰ ਇੰਨ੍ਹਾਂ ਦੇ ਅਜਿਹਾ ਕਰਨ ਨਾਲ ਇਸ ਕੰਮ ਨਾਲ ਕਿਸਾਨਾਂ ਦੇ ਹੱਕ ਖੋਹੇ ਜਾਣ ਦੀ ਸੰਭਾਵਨਾ ਹੈ। ਦੂਜੇ ਪਾਸੇ ਵਿਜੀਲੈਂਸ ਵਿਭਾਗ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਸਾਇਟੀ ਦੇ 22 ਮੈਂਬਰਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਭੇਜੇ ਗਏ ਹਨ। ਇਸ ਤੋਂ ਇਲਾਵਾ ਮਹਿਕਮਾ ਖੇਤੀਬਾੜੀ ਅਤੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਤੋਂ ਜਾਣਕਾਰੀ ਮੰਗੀ ਗਈ ਹੈ।