ਸ੍ਰੀਨਗਰ (ਦੇਵ ਇੰਦਰਜੀਤ) : ਜੰਮੂ ਕਸ਼ਮੀਰ ਪੁਲੀਸ ਦੀ ਸੀਆਈਡੀ ਇਕਾਈ ਨੇ ਪੱਥਰਬਾਜ਼ੀ ਜਾਂ ਹੋਰ ਭੰਨ੍ਹ-ਤੋੜ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਲੋਕਾਂ ਨੂੰ ਪਾਸਪੋਰਟ ਤੇ ਸਰਕਾਰੀ ਸੇਵਾਵਾਂ ਲਈ ਜ਼ਰੂਰੀ ਸੁਰੱਖਿਆ ਕਲੀਅਰੈਂਸ ਨਾ ਦੇਣ ਦਾ ਹੁਕਮ ਦਿੱਤਾ ਹੈ।
ਕਸ਼ਮੀਰ ਵਿਚ ਸੀਆਈਡੀ ਦੀ ਵਿਸ਼ੇਸ਼ ਸ਼ਾਖਾ ਦੇ ਐੱਸਐੱਸਪੀ ਨੇ ਜਾਰੀ ਹੁਕਮ ਵਿਚ ਉਨ੍ਹਾਂ ਅਧੀਨ ਆਉਂਦੇ ਸਾਰੇ ਖੇਤਰੀ ਯੂਨਿਟਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਪਾਸਪੋਰਟ ਤੇ ਸਰਕਾਰੀ ਸੇਵਾਵਾਂ ਤੋਂ ਇਲਾਵਾ ਹੋਰ ਸਰਕਾਰੀ ਯੋਜਨਾਵਾਂ ਲਈ ਪੁਸ਼ਟੀ ਕਰਨ ਦੌਰਾਨ ਵਿਅਕਤੀ ਦੀ ਕਾਨੂੰਨ-ਵਿਵਸਥਾ ਉਲੰਘਣ, ਪੱਥਰਬਾਜ਼ੀ ਦੇ ਮਾਮਲਿਆਂ ਤੇ ਰਾਜ ਵਿਚ ਸੁਰੱਖਿਆ ਬਲਾਂ ਦੇ ਖ਼ਿਲਾਫ਼ ਹੋਰਨਾਂ ਅਪਰਾਧਕ ਗਤੀਵਿਧੀਆਂ ਵਿਚ ਸ਼ਮੂਲੀਅਤ ਦੀ ਵਿਸ਼ੇਸ਼ ਤੌਰ ’ਤੇ ਜਾਂਚ ਹੋਵੇ। ਹੁਕਮ ਵਿਚ ਕਿਹਾ ਗਿਆ ਹੈ ਕਿ ਅਜਿਹੇ ਮਾਮਲਿਆਂ ਵਿਚ ਸਥਾਨਕ ਥਾਣਿਆਂ ਵਿਚ ਮੌਜੂਦ ਰਿਕਾਰਡ ਨੂੰ ਜਾਂਚਿਆ ਜਾਵੇ ਤੇ ਮੇਲ ਕੇ ਦੇਖਿਆ ਜਾਵੇ।
ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਵੈਰੀਫਿਕੇਸ਼ਨ ਦੌਰਾਨ ਪੁਲੀਸ, ਸੁਰੱਖਿਆ ਬਲਾਂ ਤੇ ਹੋਰ ਸੁਰੱਖਿਆ ਏਜੰਸੀਆਂ ਕੋਲ ਮੌਜੂਦ ਡਿਜੀਟਲ ਸਬੂਤਾਂ ਜਿਵੇਂ ਕਿ ਸੀਸੀਟੀਵੀ ਫੁਟੇਜ, ਫੋਟੋਗ੍ਰਾਫ, ਵੀਡੀਓ ਤੇ ਆਡੀਓ ਕਲਿੱਪਾਂ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ। ਕਸ਼ਮੀਰ ਸੀਆਈਡੀ ਦੀ ਵਿਸ਼ੇਸ਼ ਸ਼ਾਖਾ ਦੇ ਐੱਸਐੱਸਪੀ ਨੇ ਕਿਹਾ ਜੇਕਰ ਕੋਈ ਵਿਅਕਤੀ ਅਜਿਹੇ ਮਾਮਲਿਆਂ ਵਿਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਨੂੰ ਸੁਰੱਖਿਆ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਜਾਵੇ। ਜੰਮੂ ਕਸ਼ਮੀਰ ਭਾਜਪਾ ਦੇ ਮੁਖੀ ਰਵਿੰਦਰ ਰੈਨਾ ਨੇ ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ।