ਨਿਊਜ਼ ਡੈਸਕ (ਜਸਕਮਲ) : ਮਾਹਿਲਪੁਰ ਨਜ਼ਦੀਕ ਪਿੰਡ ਖ਼ੈਰੜ ਅਛੱਰਵਾਲ ਵਿਖੇ 50 ਹਜ਼ਾਰ ਰੁਪਏ ਦੀ ਮੰਗ ਕਰਨ ਵਾਲੇ ਸਹੁਰਾ ਪਰਿਵਾਰ ਦੀ ਕੁੱਟਮਾਰ ਦਾ ਸ਼ਿਕਾਰ ਵਿਆਹੁਤਾ ਦੀ ਹੋਈ ਮੌਤ ਦੇ ਮਾਮਲੇ ’ਚ ਥਾਣਾ ਮਾਹਿਲਪੁਰ ਦੀ ਪੁਲਸ ਨੇ ਮ੍ਰਿਤਕਾ ਦੇ ਪਤੀ, ਸਹੁਰਾ ਤੇ ਸੱਸ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨੂੰ ਲੈ ਕੇ ਪਾਖ਼ਰ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਬਘੌਰਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਪੁੱਤਰੀ ਪ੍ਰਦੀਪ ਕੌਰ ਦਾ ਪਹਿਲਾ ਵਿਆਹ ਹੋਇਆ ਸੀ ਤੇ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਆਪਣੀ ਲੜਕੀ ਦਾ ਵਿਆਹ ਮਨਜੀਤ ਸਿੰਘ ਪੁੱਤਰ ਚਮਨ ਸਿੰਘ ਵਾਸੀ ਖ਼ੈਰੜ ਅੱਛਰਵਾਲ ਨਾਲ 23 ਫ਼ਰਵਰੀ 2021 ਨਾਲ ਕਰਵਾਇਆ ਸੀ।
ਉਸ ਦੱਸਿਆ ਕਿ ਉਨ੍ਹਾਂ ਦਾ ਜਵਾਈ ਮਨਜੀਤ ਸਿੰਘ ਘਰ ਦੀ ਮੁਰੰਮਤ ਲਈ ਉਨ੍ਹਾਂ ਦੀ ਪੁੱਤਰੀ ਪ੍ਰਦੀਪ ਕੌਰ ਕੋਲੋਂ ਪੰਜਾਹ ਹਜ਼ਾਰ ਦੀ ਮੰਗ ਕਰਦਾ ਸੀ ਤੇ ਇਹ ਮੰਗ ਪੂਰੀ ਕਰਨ ਲਈ ਕੁੱਟਮਾਰ ਵੀ ਕਰਦਾ ਸੀ। 15 ਫ਼ਰਵਰੀ ਦੀ ਸ਼ਾਮ ਨੂੰ ਉਸ ਦੇ ਕੁੜਮ ਚਮਨ ਸਿੰਘ ਦਾ ਫ਼ੋਨ ਆਇਆ ਕਿ ਉਨ੍ਹਾਂ ਦੀ ਲੜਕੀ ਬੀਮਾਰ ਹੋ ਗਈ ਹੈ ਅਤੇ ਕੋਟਫ਼ਤੂਹੀ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਲੈ ਕੇ ਆਏ ਹਨ।
ਜਦੋਂ ਉਹ ਕੋਟਫ਼ਤੂਹੀ ਪਹੁੰਚੇ ਤਾਂ ਚਮਨ ਸਿੰਘ ਨੇ ਉਸ ਨੂੰ ਦੱਸਿਆ ਕਿ ਪ੍ਰਦੀਪ ਦੀ ਹਾਲਤ ਖ਼ਰਾਬ ਹੋਣ ਕਾਰਨ ਉਸ ਨੂੰ ਢਾਹਾਂ ਕਲੇਰਾਂ ਹਸਪਤਾਲ ਲੈ ਕੇ ਆਏ ਸਨ, ਜਿਥੇ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹਨੇਰਾ ਹੋਣ ਕਾਰਨ ਉਹ ਆਪਣੀ ਲੜਕੀ ਨੂੰ ਨਾ ਵੇਖ ਸਕੇ ਅਤੇ ਜਦੋਂ ਸਵੇਰੇ ਅੰਤਿਮ ਸਸਕਾਰ ਕਰਨ ਤੋਂ ਪਹਿਲਾਂ ਮ੍ਰਿਤਕਾ ਨੂੰ ਨਹਾਉਣ ਲੱਗੇ ਤਾਂ ਉਨ੍ਹਾਂ ਆਪਣੀ ਬੇਟੀ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਤੇ ਗਲਾ ਘੁੱਟਣ ਕਾਰਨ ਗਲ ’ਤੇ ਪਏ ਨਿਸ਼ਾਨ ਵੇਖੇ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਕੀਤਾ ਗਿਆ ਹੈ।