ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਸਹੁਰੇ ਪਰਿਵਾਰ ਵਲੋਂ ਦਾਜ ਦੀ ਖ਼ਾਤਰ ਆਪਣੀ ਹੀ ਨੂੰਹ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਬਿਆਸ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਸਹੁਰੇ ਪਰਿਵਾਰ ਦੇ 4 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਦੀ ਪਛਾਣ (ਪਤੀ) ਗੁਰਪ੍ਰੀਤ ਸਿੰਘ, (ਨਨਾਣ) ਸ਼ਾਲੂ, (ਸੱਸ) ਜਸਵਿੰਦਰ ਕੌਰ ਅਤੇ ਸੰਨੀ ਵਜੋਂ ਹੋਈ ਹੈ। ਜਸਬੀਰ ਕੌਰ ਵਾਸੀ ਸਰਾਏ ਖਾਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਦਾਜ ਖਾਤਰ ਉਸ ਦੀ ਕੁੜੀ ਜੋਤੀ ਨੂੰ ਪਿਛਲੇ 3 ਸਾਲਾਂ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਵਿਆਹ ਦੇ ਮੌਕੇ ਉਨ੍ਹਾਂ ਨੇ ਆਪਣੀ ਹੈਸੀਅਤ ਮੁਤਾਬਕ ਆਪਣੀ ਕੁੜੀ ਨੂੰ ਦਾਜ ਦਿੱਤਾ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਸਹੁਰਾ ਪਰਿਵਾਰ ਉਸ ਦੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ, ਜਿਸ ਦਾ ਉਸ ਨੇ ਕਈ ਵਾਰ ਫੋਨ ’ਤੇ ਜ਼ਿਕਰ ਕੀਤਾ ਸੀ। 15 ਦਿਨ ਪਹਿਲਾਂ ਹੀ ਉਹ ਆਪਣੀ ਕੁੜੀ ਨੂੰ ਇਕ ਅਲਮਾਰੀ ਦੇ ਕੇ ਆਏ ਸਨ। ਉਸ ਨੂੰ ਫੋਨ ’ਤੇ ਦੱਸਿਆ ਗਿਆ ਕਿ ਉਸ ਦੀ ਕੁੜੀ ਠੀਕ ਨਹੀਂ ਹੈ, ਜਦ ਉਹ ਹਸਪਤਾਲ ਪੁੱਜੀ ਤਾਂ ਉਸ ਦੀ ਕੁੜੀ ਬੇਹੋਸ਼ ਸੀ ਅਤੇ ਉਸ ਦੇ ਗਲੇ ’ਤੇ ਰੱਸੀ ਵਰਗੇ ਨਿਸ਼ਾਨ ਸਨ।ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ।