ਪੱਤਰ ਪ੍ਰੇਰਕ : ਕਿਸਾਨਾਂ ਨੇ ਅੱਜ ਜਲੰਧਰ ਵਿੱਚ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਧਰਨਾ ਦਿੱਤਾ। ਐੱਸ.ਕੇ.ਐੱਮ. ਯੂਨੀਅਨ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਮਨੋਰੰਜਨ ਕਾਲੀਆ ’ਤੇ ਦੋਸ਼ ਲਾਇਆ ਹੈ ਕਿ ਉਹ ਕਿਸਾਨਾਂ ਦੇ ਹੱਕ ’ਚ ਕੋਈ ਸਟੈਂਡ ਨਹੀਂ ਲੈ ਰਿਹਾ। ਉਨ੍ਹਾਂ ਦੇ ਮੁੱਦੇ ਕੇਂਦਰ ਵਿੱਚ ਨਹੀਂ ਉਠਾਏ ਜਾ ਰਹੇ ਹਨ। ਕਿਸਾਨ ਗੁੱਸੇ ਵਿੱਚ ਹਨ ਅਤੇ ਸਾਬਕਾ ਭਾਜਪਾ ਮੰਤਰੀ ਦੀ ਰਿਹਾਇਸ਼ ਦੇ ਬਾਹਰ ਖੜ੍ਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਨੇ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਧਰਨਾ ਦਿੱਤਾ ਸੀ।
ਹਾਲ ਹੀ ਵਿੱਚ ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਚੌਥੀ ਗੇੜ ਦੀ ਮੀਟਿੰਗ ਹੋਈ ਜਿਸ ਵਿੱਚ ਕਿਸਾਨਾਂ ਨੂੰ 5 ਫ਼ਸਲਾਂ 'ਤੇ ਐਮ.ਐਸ.ਪੀ. ਦੇਣ ਦਾ ਮਾਮਲਾ ਵਿਚਾਰਿਆ ਗਿਆ। ਪਰ ਕਿਸਾਨਾਂ ਨੇ ਕੇਂਦਰ ਦੀ ਇਸ ਤਜਵੀਜ਼ ਨੂੰ ਠੁਕਰਾ ਦਿੱਤਾ। ਕਿਸਾਨਾਂ ਨੇ 21 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਉਹ ਮਨੋਰੰਜਨ ਕਾਲੀਆ ਨੂੰ ਜਗਾਉਣ ਆਏ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਭਾਜਪਾ ਦੇ ਸਾਬਕਾ ਮੰਤਰੀ ਕਾਲੀਆ ਨੇ ਕੇਂਦਰ ਵਿੱਚ ਉਨ੍ਹਾਂ ਦੀਆਂ ਮੰਗਾਂ ਨਾ ਉਠਾਈਆਂ ਤਾਂ ਉਹ ਇਸੇ ਤਰ੍ਹਾਂ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ।