ਨੋਏਡਾ ਡੈਸਕ (ਸਾਹਿਬ) - ਬਿਹਾਰ 'ਚ ਨਿਰਮਾਣ ਅਧੀਨ ਸੁਲਤਾਨਗੰਜ-ਅਗਵਾਨੀ ਘਾਟ ਪੁਲ ਦੇ ਪਿੱਲਰ ਨੰਬਰ 9 ਦਾ ਇਕ ਹਿੱਸਾ ਢਹਿ ਗਿਆ। ਇਸ ਨਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਹ ਪੁਲ ਭਾਗਲਪੁਰ ਜ਼ਿਲ੍ਹੇ ਦੇ ਸੁਲਤਾਨਗੰਜ ਨੂੰ ਖਗੜੀਆ ਜ਼ਿਲ੍ਹੇ ਦੇ ਅਗਵਾਨੀ ਘਾਟ ਨਾਲ ਜੋੜੇਗਾ। ਇਹ ਪੁਲ ਦੋ ਸਾਲਾਂ ਵਿੱਚ ਤੀਜੀ ਵਾਰ ਢਹਿ ਗਿਆ ਹੈ ਜਿਸ ਨਾਲ ਉਸਾਰੀ ਦੀ ਗੁਣਵੱਤਾ ਅਤੇ ਪ੍ਰਾਜੈਕਟ ਪ੍ਰਬੰਧਨ ਬਾਰੇ ਖਦਸ਼ੇ ਖੜ੍ਹੇ ਹੋ ਗਏ ਹਨ। ਇਥੋਂ ਦੇ ਵਾਸੀ ਸੰਜੀਵ ਕੁਮਾਰ ਚੌਧਰੀ ਨੇ ਦੱਸਿਆ ਕਿ ਇਹ ਪੁਲ ਦਾ ਹਿੱਸਾ ਅੱਜ ਸਵੇਰੇ ਢਹਿ ਗਿਆ। ਇਸ ਨਾਲ ਸੂਬਾ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ।
ਭਾਗਲਪੁਰ ਜ਼ਿਲ੍ਹੇ ਦੇ ਸੁਲਤਾਨਗੰਜ ਨੂੰ ਖਗੜੀਆ ਜ਼ਿਲ੍ਹੇ ਦੇ ਅਗਵਾਨੀ ਘਾਟ ਨਾਲ ਜੋੜਨ ਵਾਲਾ ਪੁਲ ਨੌਂ ਸਾਲਾਂ ਤੋਂ ਨਿਰਮਾਣ ਅਧੀਨ ਹੈ ਅਤੇ ਜਦੋਂ ਤੋਂ ਇਸ ਦੀ ਉਸਾਰੀ ਸ਼ੁਰੂ ਹੋਈ ਹੈ, ਉਸ ਨੂੰ ਵਾਰ-ਵਾਰ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਪੁਲ ਦਾ ਨਿਰਮਾਣ ਕਰਨ ਲਈ ਐਸਪੀ ਸਿੰਗਲਾ ਕੰਸਟਰਕਸ਼ਨ ਕੰਪਨੀ ਨੂੰ ਕੰਮ ਸੌਂਪਿਆ ਗਿਆ ਸੀ। ਇਸ ਪੁਲ ਦੇ ਢਹਿ ਜਾਣ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਦੀ ਜਾਂਚ ਚੱਲ ਰਹੀ ਹੈ। ਇਸ ਤੋਂ ਪਹਿਲਾਂ ਭਾਗਲਪੁਰ ਵਿੱਚ ਅਗਵਾਨੀ-ਸੁਲਤਾਨਗੰਜ ਦਾ ਨਿਰਮਾਣ ਅਧੀਨ ਪੁਲ 4 ਜੂਨ ਨੂੰ ਢਹਿ ਗਿਆ ਸੀ। ਉਸ ਸਮੇਂ ਪੁਲ ਦੇ ਡਿੱਗਣ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜਾਂਚ ਦੇ ਹੁਕਮ ਦਿੱਤੇ ਸਨ।