ਇਸਲਾਮਾਬਾਦ (ਦੇਵ ਇੰਦਰਜੀਤ)- ਬਲੋਚਿਸਤਾਨ ਦੀ ਕਾਰਕੁਨ ਕਰੀਮਾ ਬਲੋਚ (37) ਦੀ ਮ੍ਰਿਤ ਦੇਹ ਨੂੰ ਕੈਨੇਡਾ ਸਰਕਾਰ ਨੇ ਪਾਕਿਸਤਾਨ ਨੂੰ ਸੌਂਪ ਦਿੱਤਾਹੈ । ਪਰ ਜਿਸ ਤਰ੍ਹਾਂ ਬਲੋਚ ਕਾਰਕੁਨ ਕਰੀਮਾ ਬਲੋਚ ਦੀ ਮ੍ਰਿਤ ਦੇਹ ਹਵਾਈ ਅੱਡੇ 'ਤੇ ਪੁੱਜਦਿਆਂ ਹੀ ਫ਼ੌਜੀਆਂ ਨੇ ਕਬਜੇ ਵਿਚ ਲੈ ਲਿਆ ਸੀ ਅਤੇ ਅਣਦੱਸੀ ਥਾਂ 'ਤੇ ਲੈ ਗਏ।
ਓਥੇ ਹੀ ਪਾਕ ਫ਼ੌਜ ਦੀ ਇਸ ਕਾਰਵਾਈ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੰਸਦ ਵਿਚ ਵਿਰੋਧੀਆਂ ਨੇ ਘੇਰਿਆ ਅਤੇ ਪੁੱਛਿਆ ਗਿਆ ਕਿ ਕੀ ਉਹ ਕਰੀਮਾ ਬਲੋਚ ਦੀ ਮ੍ਰਿਤ ਦੇਹ ਤੋਂ ਵੀ ਡਰਦੇ ਹਨ? ਪਾਕਿਸਤਾਨ ਦੇ ਇਕ ਪ੍ਰਮੁੱਖ ਅਖਬਾਰ ਵਿਚ ਪ੍ਰਕਾਸ਼ਤ ਇਕ ਰਿਪੋਰਟ ਅਨੁਸਾਰ ਕਰੀਮਾ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਤੁਰਬਤ ਖੇਤਰ 'ਚ ਸਪੁਰਦ ਏ ਖ਼ਾਕ ਕੀਤਾ ਗਿਆ। ਦੂਜੇ ਪਾਸੇ ਹਜ਼ਾਰਾਂ ਲੋਕ ਕਰੀਮਾ ਦੇ ਕਤਲ ਦੀ ਨਿਖੇਧੀ ਕਰਨ ਲਈ ਕਰਾਚੀ ਵਿੱਚ ਸੜਕਾਂ ਤੇ ਉਤਰ ਆਏ ਅਤੇ ਕਿਹਾ ਕਿ ਉਸਦੀ ਵਿਚਾਰਧਾਰਾ ਨੂੰ ਖਤਮ ਨਹੀਂ ਕੀਤਾ ਜਾ ਸਕਦਾ।
ਸੋਮਵਾਰ ਨੂੰ ਬਲੋਚਿਸਤਾਨ ਨੈਸ਼ਨਲ ਪਾਰਟੀ-ਮੈਂਗਲ (ਬੀਐਨਪੀਐਮ) ਦੇ ਸੰਸਦ ਮੈਂਬਰ ਡਾ. ਜਹਾਂਜ਼ੇਬ ਜਮਲਾਦਿਨੀ ਨੇ ਸੰਸਦ ਵਿੱਚ ਕਿਹਾ ਕਿ ਕਰੀਮ ਦੀ ਲਾਸ਼ ਨੂੰ ਏਅਰਪੋਰਟ ਤੋਂ ਅਗਵਾ ਕਰ ਲਿਆ ਗਿਆ ਸੀ ਅਤੇ ਕਿਸੇ ਨੂੰ ਵੀ ਉਸਦੇ ਜੱਦੀ ਪਿੰਡ ਜਾਣ ਦੀ ਆਗਿਆ ਨਹੀਂ ਸੀ। ਉਨ੍ਹਾਂ ਕਿਹਾ ਕਿ ਹਰ ਕੋਈ ਕਰੀਮਾ ਨੂੰ ਅਲਵਿਦਾ ਕਹਿਣਾ ਚਾਹੁੰਦਾ ਸੀ ਪਰ ਮਕਰਾਨ ਵਿੱਚ ਕਰਫਿਊ ਲਗਾਇਆ ਗਿਆ ਸੀ ਅਤੇ ਮੋਬਾਈਲ ਨੈਟਵਰਕ ਬੰਦ ਕਰ ਦਿੱਤਾ ਗਿਆ ਸੀ, ਪਰ ਮੀਡੀਆ ਵਿੱਚ ਇਹ ਨਹੀਂ ਦਰਸਾਇਆ ਗਿਆ।
ਸੰਸਦ ਮੈਂਬਰ ਜਮਲਾਦਿਨੀ ਨੇ ਕਿਹਾ, "ਸੁਰੱਖਿਆ ਏਜੰਸੀਆਂ ਮ੍ਰਿਤਕ ਦੇਹ ਤੋਂ ਇਨਾ ਡਰ ਗਿਆਂ ਕਿ ਮ੍ਰਿਤਕ ਦੀ ਮਾਂ ਨੂੰ ਕਥਿਤ ਤੌਰ 'ਤੇ ਆਖਰੀ ਦਰਸ਼ਨ ਕਰਨ ਦੀ ਆਗਿਆ ਨਹੀਂ ਦਿੱਤੀ ਅਤੇ ਲੋਕਾਂ ਨੂੰ ਵੀ ਤਾਬੂਤ ਨਾਲ ਕਬਰਸਤਾਨ ਜਾਣ ਦੀ ਇਜਾਜ਼ਤ ਨਹੀਂ ਸੀ। ਕਰੀਮਾ ਮਹਿਰਾਬ, ਜੋ ਕਿ ਪਿਛਲੇ 5 ਸਾਲਾਂ ਤੋਂ ਕਨੇਡਾ ਵਿੱਚ ਰਹਿ ਰਹੀ ਹੈ, ਪਿਛਲੇ ਮਹੀਨੇ ਮ੍ਰਿਤਕ ਮਿਲੀ ਸੀ।