ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ 'ਚ ਕਰਵਾਏ ਗਏ ਇਕ ਸਰਵੇਖਣ ਨੇ ਸਪੱਸ਼ਟ ਕੀਤਾ ਹੈ ਕਿ 64 ਫੀਸਦੀ ਪਾਕਿਸਤਾਨੀ ਇਸ ਗੱਲ ਨੂੰ ਸਹੀ ਨਹੀਂ ਮੰਨਦੇ ਕਿ ਇਮਰਾਨ ਸਰਕਾਰ ਨੂੰ ਹਟਾਉਣ ਵਿਚ ਅਮਰੀਕਾ ਦਾ ਹੱਥ ਹੈ। ਇਮਰਾਨ ਉਹਨਾਂ ਦੀ ਸਰਕਾਰ ਖ਼ਿਲਾਫ਼ ਨੈਸ਼ਨਲ ਅਸੈਂਬਲੀ 'ਚ ਆਪਣੀ ਬੇਭਰੋਸਗੀ ਮਤਾ ਲਿਆਂਦੇ ਜਾਣ ਤੋਂ ਬਾਅਦ ਤੋਂ ਹੀ ਲਗਾਤਾਰ ਇਸ ਪਿੱਛੇ ਅਮਰੀਕੀ ਸਾਜ਼ਿਸ਼ ਦਾ ਦੋਸ਼ ਲਗਾਉਂਦੇ ਆ ਰਹੇ ਹਨ ਪਰ ਇਸ ਸਰਵੇ 'ਚ ਲੋਕਾਂ ਨੇ ਸਰਕਾਰ ਦੀ ਇਸ ਕਹਾਣੀ ਨੂੰ ਨਕਾਰਦਿਆਂ ਮਹਿੰਗਾਈ ਨੂੰ ਇਮਰਾਨ ਸਰਕਾਰ ਦੇ ਪਤਨ ਲਈ ਜ਼ਿੰਮੇਵਾਰ ਦੱਸਿਆ ਹੈ।
ਸਰਵੇਖਣ ਵਿੱਚ ਜਿਹੜੇ ਲੋਕਾਂ ਨੇ ਇਹ ਮੰਨਿਆ ਕਿ ਮਹਿੰਗਾਈ ਸਰਕਾਰ ਨੂੰ ਬੇਦਖਲ ਕਰਨ ਲਈ ਵਿਰੋਧੀ ਧਿਰ ਨੂੰ ਬੇਭਰੋਸਗੀ ਮਤਾ ਲਿਆਉਣ ਲਈ ਪ੍ਰੇਰਿਤ ਕਰਨ ਦਾ ਇੱਕ ਸਰੋਤ ਸੀ, ਉਹਨਾਂ ਵਿਚੋਂ 74 ਪ੍ਰਤੀਸ਼ਤ ਸਿੰਧ ਤੋਂ, 62 ਪ੍ਰਤੀਸ਼ਤ ਪੰਜਾਬ ਅਤੇ 59 ਪ੍ਰਤੀਸ਼ਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਹਨ।
68 ਫੀਸਦੀ ਲੋਕਾਂ ਨੇ ਨਵੀਆਂ ਚੋਣਾਂ ਲਈ ਇਮਰਾਨ ਖਾਨ ਦੇ ਕਦਮ ਦੀ ਸ਼ਲਾਘਾ ਕੀਤੀ। 72 ਫੀਸਦੀ ਲੋਕਾਂ ਨੇ ਅਮਰੀਕਾ ਨੂੰ ਪਾਕਿਸਤਾਨ ਦਾ ਦੁਸ਼ਮਣ ਅਤੇ 28 ਫੀਸਦੀ ਲੋਕਾਂ ਨੇ ਦੋਸਤ ਕਿਹਾ। ਪੰਜਾਬ ਦੀ ਗੱਲ ਕਰੀਏ ਤਾਂ 45 ਫੀਸਦੀ ਲੋਕਾਂ ਨੇ ਇਮਰਾਨ ਸਰਕਾਰ ਦੇ ਕੰਮ ਨੂੰ ਸਹੀ ਮੰਨਿਆ ਪਰ 55 ਫੀਸਦੀ ਲੋਕਾਂ ਨੇ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟੀ ਪ੍ਰਗਟਾਈ। ਸਰਕਾਰ ਦੇ ਪਤਨ ਅਤੇ ਰਾਸ਼ਟਰੀ ਚੋਣਾਂ ਦੇ ਸੱਦੇ ਨੂੰ 68 ਫੀਸਦੀ ਲੋਕਾਂ ਨੇ ਸਹਿਮਤੀ ਦਿੱਤੀ, ਜਦਕਿ 32 ਫੀਸਦੀ ਨੇ ਇਸ ਨੂੰ ਰੱਦ ਕਰ ਦਿੱਤਾ।