ਪਟਿਆਲਾ (ਰਾਘਵ) : ਪੰਜਾਬ ਦੇ ਟਰਾਂਸਪੋਰਟ ਵਿਭਾਗ ਦਾ ਵਾਲੀਵਾਰਸ ਨਜ਼ਰ ਨਹੀਂ ਆ ਰਿਹਾ। ਇਥੇ ਪਿਛਲੇ ਕਈ ਮਹੀਨਿਆਂ ਤੋਂ ਸਮਾਰਟ ਕਾਰਡ ਬਣਾਉਣ ਵਾਲੀ ਸਮਾਰਟ ਕਾਰਡ ਚਿੱਪ ਕੰਪਨੀ ਦਾ ਟੈਂਡਰ ਸਮਾਂ ਪੂਰਾ ਹੋਣ ਕਾਰਨ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ ਵਿਭਾਗ ਦੀ ਨਾਲਾਇਕੀ ਕਾਰਨ ਨਿੱਤ ਦਿਨ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਇਸ ਕਾਰਨ ਡਰਾਈਵਿੰਗ ਲਾਇਸੈਂਸ ਦਾ ਸਮਾਂ ਪੂਰਾ ਹੋਣ ਵਾਲੇ ਲਾਇਸੈਂਸਾਂ ਨੂੰ ਰਿਨਿਊ ਕਰਨ ਲਈ ਕੋਈ ਵੀ ਅਧਿਕਾਰੀ ਸਮਰੱਥ ਦਿਖਾਈ ਨਹੀਂ ਦੇ ਰਿਹਾ ਹੈ। ਇਸ ਕਾਰਨ ਚਾਲਾਨ ਕਟਵਾ ਕੇ ਭਾਰੀ ਜੁਰਮਾਨੇ ਭਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਹਜ਼ਾਰਾਂ ਲੋਕਾਂ ਦੀਆਂ ਫੀਸਾਂ ਪਹਿਲਾਂ ਹੀ ਪਾਈਪ ਲਾਈਨ ’ਚ ਹਨ ਪਰ ਸਮਾਰਟ ਚਿੱਪ ਕੰਪਨੀ ਦਾ ਸਮਾਂ ਪੂਰਾ ਹੋਣ ਕਾਰਨ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਹੁਣ ਤੱਕ ਕਿਸੇ ਵੀ ਨਵੀਂ ਕੰਪਨੀ ਨੂੰ ਟੈਂਡਰ ਅਲਾਟ ਨਹੀਂ ਕੀਤਾ ਗਿਆ। ਇਸ ਕਾਰਨ ਆਮ ਲੋਕਾਂ ਦੀਆਂ ਭਰੀਆਂ ਹੋਈਆਂ ਫੀਸਾਂ ਡੁੱਬਣ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਸੂਬੇ ਅੰਦਰ ਪਿਛਲੇ 2 ਮਹੀਨਿਆਂ ਤੋਂ ਟਰਾਂਸਪੋਰਟ ਵਿਭਾਗ ਦਾ ਚਿੱਪ ਕੰਪਨੀ ਵਾਲਾ ਕੰਮ ਠੱਪ ਹੋਇਆ ਪਿਆ ਹੈ। ਜਦਕਿ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਨੂੰ ਪਹਿਲਾਂ ਹੀ ਪਤਾ ਸੀ ਕਿ ਸਮਾਰਟ ਚਿੱਪ ਕੰਪਨੀ ਦਾ ਸਮਾਂ ਪੂਰਾ ਹੋਣ ਵਾਲਾ ਹੈ। ਫਿਰ ਵੀ ਟੈਂਡਰ ਪ੍ਰੀਕ੍ਰਿਆ ਸ਼ੁਰੂ ਨਾ ਹੋਣ ਕਾਰਨ ਵਿਭਾਗ ਦੀ ਨਾਲਾਇਕੀ ਨਜ਼ਰ ਆਉਂਦੀ ਹੈ। ਭਾਵੇਂ ਕਿ ਸਮਾਰਟ ਕਾਰਡ ਦੇ ਰੁਕੇ ਕੰਮ ਲਈ ਉੱਚ ਅਧਿਕਾਰੀ ਜ਼ਿੰਮੇਵਾਰ ਹਨ ਪਰ ਇਸ ਦੇਰੀ ਲਈ ਲੋਕਾਂ ਨੂੰ ਖੁਦ ਹਰ ਰੋਜ਼ ਆਪਣੇ ਕੰਮ ਛੱਡ ਕੇ ਸਥਾਨਕ ਆਰ. ਟੀ. ਓ./ਆਰ. ਟੀ. ਏ. ਦਫਤਰਾਂ ਦੇ ਚੱਕਰ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਟਰਾਂਸਪੋਰਟ ਵਿਭਾਗ ਨਵੇਂ ਅਤੇ ਪੁਰਾਣੇ ਵਹੀਕਲਾਂ ਦੀ ਰਜਿਸਟ੍ਰੇਸ਼ਨ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ, ਜਿਸ ਦਾ ਹੱਲ ਕੱਢਣ ਲਈ ਕੋਈ ਵੀ ਅਧਿਕਾਰੀ ਸਾਹਮਣੇ ਨਹੀਂ ਆ ਰਿਹਾ। ਲਿਹਾਜ਼ਾ ਡਰਾਈਵਿੰਗ ਕਰ ਕੇ ਆਪਣੇ ਘਰਾਂ ਦਾ ਗੁਜ਼ਾਰਾ ਕਰਨ ਵਾਲੇ ਚਾਲਕ ਲਾਇਸੈਂਸ ਅਤੇ ਆਰ. ਸੀਜ਼ ਰਿਨਿਊ ਨਾ ਹੋਣ ਕਾਰਨ ਕੰਮ ਛੱਡੀ ਬੈਠੇ ਹਨ ਕਿਉਂਕਿ ਜਦੋਂ ਵੀ ਕਿਸੇ ਕੰਪਨੀ ਨੇ ਗੱਡੀ ਲੋਡ ਕਰਵਾਉਣੀ ਹੈ ਤਾਂ ਡਰਾਈਵਰ ਦਾ ਲਾਇਸੈਂਸ ਤੇ ਗੱਡੀ ਦੀ ਆਰ. ਸੀ. ਲਾਜ਼ਮੀ ਤੌਰ ’ਤੇ ਚੈੱਕ ਕੀਤੇ ਜਾਂਦੇ ਹਨ।
ਜਿਹੜੇ ਵਿਅਕਤੀਆਂ ਦੇ ਸਮਾਰਟ ਚਿੱਪ ਕੰਪਨੀ ਕੋਲ ਲਾਇਸੈਂਸਾਂ ਲਈ ਡਰਾਈਵਿੰਗ ਟਰੈਕ ’ਤੇ ਆਪਣਾ ਟੈਸਟ ਦੇ ਕੇ ਚੁੱਕੇ ਹਨ ਅਤੇ ਆਪਣੀ ਫੋਟੋ ਵੀ ਕਰਵਾ ਚੁੱਕੇ ਹਨ, ਉਨ੍ਹਾਂ ਦੇ ਵੀ ਲਾਇਸੈਂਸ ਹਾਲੇ ਤੱਕ ਪੈਂਡਿੰਗ ਹੀ ਹਨ। ਜਦੋਂ ਕਿ ਨਵੇਂ ਟੈਸਟ ਲਈ ਟਾਈਮ ਸਲਾਟ ਤਾਂ ਜਾਰੀ ਕੀਤੇ ਜਾ ਰਹੇ ਹਨ ਪਰ ਟਰੈਕ ਉੱਪਰ ਉਨ੍ਹਾਂ ਦਾ ਟੈਸਟ ਨਹੀਂ ਲਿਆ ਜਾ ਰਿਹਾ ਹੈ, ਜਿਸ ਕਾਰਨ ਆਉਣ ਵਾਲੇ ਲੋਕ ਖੱਜਲ-ਖੁਆਰ ਹੋ ਰਹੇ ਹਨ। ਇਹ ਖੱਜਲ-ਖੁਆਰੀ ਕਦੋਂ ਤੱਕ ਜਾਰੀ ਰਹੇਗੀ, ਕਿਸੇ ਮੁਲਾਜ਼ਮ ਜਾਂ ਅਧਿਕਾਰੀ ਨੂੰ ਨਹੀਂ ਪਤਾ। ਇੰਨਾ ਹੀ ਨਹੀਂ, ਵਿਦੇਸ਼ ਜਾਣ ਵਾਲੇ ਵਿਅਕਤੀਆਂ ਦੇ ਜੋ ਇੰਟਰਨੈਸ਼ਨਲ ਲਾਇਸੈਂਸ ਬਣਦੇ ਹਨ, ਉਨ੍ਹਾਂ ਦੇ ਕੰਮ ’ਚ ਵੀ ਵਿਘਨ ਪੈ ਰਿਹਾ ਹੈ। ਡਰਾਈਵਿੰਗ ਟਰੈਕ ’ਤੇ ਆਪਣੇ ਲਾਇਸੈਂਸ ਲਈ ਟੈਸਟ ਦੇਣ ਗਏ ਰਵਿੰਦਰ ਸਿੰਘ ਭਾਂਖਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਦਫਤਰ ਨੂੰ ਤਾਲਾ ਲੱਗਾ ਹੋਇਆ ਹੈ। ਅੱਜ ਆਖਰੀ ਤਰੀਕ ਹੋਣ ਕਾਰਨ ਟੈਸਟ ਦੇਣ ਤੋਂ ਵਾਂਝਾ ਰਹਿ ਗਿਆ ਹੈ, ਜਿਸ ਕਾਰਨ ਹੁਣ ਉਸ ਨੂੰ ਲਰਨਿੰਗ ਲਾਇਸੈਂਸ ਨੂੰ ਰਿਨਿਊ ਕਰਵਾਉਣਾ ਪਵੇਗਾ, ਜਿਸ ਦੇ ਖਰਚੇ ਦਾ ਕੌਣ ਜ਼ਿੰਮੇਵਾਰ ਹੋਵੇਗਾ?