
ਚੰਡੀਗੜ੍ਹ (ਰਾਘਵ): ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। 4 ਫਰਵਰੀ ਤੋਂ ਸਰਗਰਮ ਹੋਈ ਪੱਛਮੀ ਗੜਬੜੀ ਹੁਣ ਬਿਲਕੁਲ ਸੁਸਤ ਪੈ ਗਈ ਹੈ। ਹਾਲਾਂਕਿ ਮੌਸਮ ਵਿਭਾਗ ਕਈ ਵਾਰ ਮੀਂਹ ਦਾ ਅਲਰਟ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਪੰਜਾਬ ਵਿਚ ਬਾਰਿਸ਼ ਨਹੀਂ ਹੋਈ। ਜਨਵਰੀ ਵਾਂਗ ਹੁਣ ਫਰਵਰੀ ਦਾ ਮਹੀਨਾ ਵੀ ਸੁੱਕਾ ਹੀ ਬੀਤ ਰਿਹਾ ਹੈ ਪਰ ਇਸ ਪੱਛਮੀ ਗੜਬੜੀ ਦਾ ਅਸਰ ਹਿਮਾਚਲ ਪ੍ਰਦੇਸ਼ ਵਿਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਕੁਝ ਇਲਾਕਿਆਂ ਵਿਚ ਬਰਫਬਾਰੀ ਵੀ ਹੋਈ, ਜਿਸ ਦੇ ਚੱਲਦੇ ਪਿਛਲੇ ਕੁਝ ਦਿਨਾਂ ਵਿਚ ਪੰਜਾਬ ਦੇ ਤਾਪਮਾਨ ਵਿਚ ਮਾਮੂਲੀ ਗਿਰਾਵਟ ਆਈ ਹੈ। ਦੂਜੇ ਪਾਸੇ ਮੌਸਮ ਵਿਭਾਗ ਵਲੋਂ ਪੰਜਾਬ ਵਿਚ ਅੱਜ ਮੀਂਹ ਅਤੇ ਕੋਹਰੇ ਨੂੰ ਲੈ ਕੇ ਫਿਲਹਾਲ ਕੋਈ ਅਲਰਟ ਨਹੀਂ ਹੈ ਪਰ ਅੰਦਾਜਨ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਤਾਪਮਾਨ ਵਿਚ 2 ਤੋਂ 3 ਡਿਗਰੀ ਦੀ ਗਿਰਾਵਟ ਆ ਸਕਦੀ ਹੈ।
ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ 4 ਫਰਵਰੀ ਤੋਂ ਸਰਗਰਮ ਹੋਈ ਪੱਛਮੀ ਗੜਬੜੀ ਦਾ ਅਸਰ ਸਿਰਫ ਪਹਾੜੀ ਇਲਾਕਿਆਂ ਤਕ ਹੀ ਸੀਮਿਤ ਰਿਹਾ। ਅਲਰਟ ਦੇ ਬਾਵਜੂਦ ਪੰਜਾਬ ਵਿਚ ਨਾ-ਮਾਤਰ ਬਾਰਿਸ਼ ਹੋਈ, ਹਾਲਾਂਕਿ ਕਈ ਥਾਈਂ ਗੜੇਮਾਰੀ ਹੋਈ ਹੈ ਪਰ ਮੀਂਹ ਦੀ ਕਾਰਵਾਈ ਉਮੀਦ ਤੋਂ ਬਿਲਕੁਲ ਉਲਟ ਰਹੀ। ਹੁਣ 8 ਫਰਵਰੀ ਤੋਂ ਇਕ ਹੋਰ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ। ਇਹ ਵੀ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਕੁੱਝ ਇਲਾਕਿਆਂ ਤਕ ਸੀਮਿਤ ਰਹੇਗੀ ਪਰ ਇਸ ਦਾ ਅਸਰ ਮੈਦਾਨੀ ਇਲਾਕਿਆਂ ਵਿਚ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਅਗਲਾ ਹਫਤਾ ਪੰਜਾਬ ਲਈ ਖੁਸ਼ਕ ਰਹਿ ਸਕਦਾ ਹੈ।